ਕੋਵਿਡ-19 ਨੂੰ ਰੋਕਣ ਲਈ ਯਾਤਰਾ ਪਾਬੰਦੀ ਲਗਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ: ਚੀਨ
Wednesday, Sep 29, 2021 - 12:33 AM (IST)
ਬੀਜਿੰਗ - ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਕੋਲ ਕੋਵਿਡ-19 ਨੂੰ ਰੋਕਣ ਲਈ ਯਾਤਰਾ ਪਾਬੰਦੀ ਵਰਗੇ ਉਪਾਅ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਚੀਨ ਨੇ ਨਵੀਂ ਦਿੱਲੀ ਵਿੱਚ ਚੀਨੀ ਦੂਤਘਰ ਦੇ ਸਾਹਮਣੇ ਭਾਰਤੀ ਵਿਦਿਆਰਥੀਆਂ ਦੇ ਪ੍ਰਦਰਸ਼ਨ 'ਤੇ ਇਹ ਪ੍ਰਤੀਕਿਰਿਆ ਜ਼ਾਹਿਰ ਕੀਤੀ। ਇਹ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਚੀਨ ਵਾਪਸ ਪਰਤਣਾ ਚਾਹੁੰਦੇ ਹਨ। ਚੀਨ ਦਾ ਇਹ ਜਵਾਬ ਅਜਿਹੇ ਸਮੇਂ ਆਇਆ ਹੈ, ਜਦੋਂ ਨਵੀਂ ਦਿੱਲੀ ਤੋਂ ਅਜਿਹੀਆਂ ਕੁੱਝ ਖਬਰਾਂ ਆਈਆਂ ਹਨ ਕਿ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਚੀਨੀ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ ਕਰ ਬੀਜਿੰਗ ਤੋਂ ਉਨ੍ਹਾਂ ਨੂੰ ਪੜ੍ਹਾਈ ਲਈ ਦੇਸ਼ ਪਰਤਣ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ - ਮੈਕਸੀਕੋ ਦੇ ਆਜ਼ਾਦੀ ਦਿਵਸ ਸਮਾਗਮ 'ਚ ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ
ਦਿੱਲੀ ਵਿੱਚ ਭਾਰਤੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਪ੍ਰਤੀਕਿਰਿਆ ਲਈ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਾ ਹੋਇਆ ਚੁਨਯਿੰਗ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘‘ਦੁਨੀਆ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਅਜੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਲਈ ਇਸ ਸੰਦਰਭ ਵਿੱਚ ਚੀਨ ਸਰਕਾਰ ਦੇ ਕੋਲ ਯਾਤਰਾ ਰੋਕ ਲਗਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲਾਤ ਦੇ ਮੁਤਾਬਕ ਚੀਨ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਮੁਸਾਫਰਾਂ ਦੀ ਸੁਰੱਖਿਆ, ਸਿਹਤ ਦੇ ਮੱਦੇਨਜ਼ਰ ਕੋਈ ਕਦਮ ਚੁੱਕ ਰਿਹਾ ਹੈ।
ਚੁਨਯਿੰਗ ਨੇ ਕਿਹਾ, ‘‘ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੀ ਹਾਂ ਕਿ ਚੀਨ ਵਿੱਚ ਰੋਕਥਾਮ ਅਤੇ ਕਾਬੂ ਉਪਰਾਲਿਆਂ ਨੂੰ ਦੇਸ਼ ਦੇ ਨਾਗਰਿਕਾਂ ਸਮੇਤ ਸਾਰੇ ਆਉਣ ਵਾਲੇ ਮੁਸਾਫਰਾਂ 'ਤੇ ਲਾਗੂ ਕੀਤਾ ਜਾਂਦਾ ਹੈ। ਪਿਛਲੇ ਹਫਤੇ, ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਚੀਨ ਦੇ ਲੰਬੇ ਸਮੇਂ ਤੱਕ ਸਖ਼ਤ ਯਾਤਰਾ ਪਾਬੰਦੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਸੀ, ‘‘ਅਸੀਂ ਭਾਰਤੀ ਵਿਦਿਆਰਥੀਆਂ, ਵਪਾਰੀਆਂ, ਸਮੁੰਦਰੀ ਚਾਲਕ ਦਲ ਅਤੇ ਨਿਰਯਾਤਕਾਂ ਦੁਆਰਾ ਵਰਤਮਾਨ ਵਿੱਚ ਸਾਹਮਣਾ ਕੀਤੀਆਂ ਜਾ ਰਹੀਆਂ ਕਈ ਸਮੱਸਿਆਵਾਂ ਦੇ ਸੰਬੰਧ ਵਿੱਚ ਅਵਿਗਿਆਨਕ ਦ੍ਰਿਸ਼ਟੀਕੋਣ ਨੂੰ ਵੇਖ ਕੇ ਨਿਰਾਸ਼ ਹਾਂ।''
ਇਹ ਵੀ ਪੜ੍ਹੋ - FDA ਨੇ ਬਜੁਰਗਾਂ ਅਤੇ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਫਾਈਜ਼ਰ ਦੀ ਬੂਸਟਰ ਖੁਰਾਕ ਨੂੰ ਦਿੱਤੀ ਹਰੀ ਝੰਡੀ
ਚੀਨ ਦੇ ਕਾਲਜਾਂ ਵਿੱਚ ਪੜ੍ਹਨ ਵਾਲੇ 23,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਅਣਗਿਣਤ ਪੇਸ਼ਾਵਰ, ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਪਿਛਲੇ ਸਾਲ ਤੋਂ ਭਾਰਤ ਤੋਂ ਚੀਨ ਨਹੀਂ ਜਾ ਸਕੇ ਹਨ। ਪਾਬੰਦੀਆਂ ਦੇ ਨਤੀਜੇ ਵਜੋਂ ਕਈ ਲੋਕਾਂ ਨੇ ਆਪਣੀ ਨੌਕਰੀ ਗੁਆ ਦਿੱਤੀ। ਕੁੱਝ ਲੋਕ ਆਪਣੇ ਪਰਿਵਾਰ ਤੋਂ ਵੀ ਦੂਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।