ਪੈਂਡੋਰਾ ਪੇਪਰਜ਼ : ਪਾਕਿ ਦੇ ਸੂਚਨਾ ਮੰਤਰੀ ਬੋਲੇ- ਦੋਸ਼ੀ ਪਾਏ ਜਾਣ ਤੱਕ ਮੰਤਰੀਆਂ ਖ਼ਿਲਾਫ਼ ਨਹੀਂ ਹੋਵੇਗੀ ਕਾਰਵਾਈ
Wednesday, Oct 06, 2021 - 03:25 PM (IST)
ਇਸਲਾਮਾਬਾਦ (ਏ.ਐੱਨ.ਆਈ.): ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੀਆਂ ਵਿੱਤੀ ਜਾਇਦਾਦਾਂ ਨੂੰ ਉਜਾਗਰ ਕਰਨ ਵਾਲੇ ਪੈਂਡੋਰਾ ਪੇਪਰਜ਼ ਨੂੰ ਲੈਕੇ ਪਾਕਿਸਤਾਨ ਵਿਚ ਹਲਚਲ ਦਾ ਮਾਹੌਲ ਹੈ।ਇਹਨਾਂ ਪੇਪਰਾਂ ਵਿਚ ਇਮਰਾਨ ਦੀ ਕੈਬਨਿਟ ਦੇ ਕਈ ਮੰਤਰੀਆਂ ਦੇ ਨਾਲ-ਨਾਲ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਮ ਵੀ ਸ਼ਾਮਲ ਹਨ। ਵਿਰੋਧੀ ਧਿਰ ਲਗਾਤਾਰ ਇਮਰਾਨ ਦੇ ਅਸਤੀਫੇ ਦੀ ਮੰਗ ਕਰ ਰਿਹਾ ਹੈ। ਉੱਥੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਜਿਹੜੇ ਕੈਬਨਿਟ ਮੰਤਰੀਆਂ ਦੇ ਨਾਮ ਪੈਂਡੋਰਾ ਪੇਪਰਜ਼ ਵਿਚ ਸਾਹਮਣੇ ਆਏ ਹਨ ਉਹਨਾਂ ਨੂੰ ਉਹਨਾਂ ਨਾਲ ਸਬੰਧਤ ਅਹੁਦਿਆਂ ਤੋਂ ਉਦੋਂ ਤੱਕ ਹਟਾਇਆ ਨਹੀਂ ਜਾਵੇਗਾ ਜਦੋਂ ਤੱਕ ਕਿ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦੇ।
ਡਾਨ ਦੀ ਰਿਪੋਰਟ ਮੁਤਾਬਕ ਚੌਧਰੀ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਦੋਸ਼ੀ ਸਾਬਤ ਹੋਣ ਦੇ ਬਾਅਦ ਹੀ ਕਿਸੇ 'ਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਚੌਧਰੀ ਨੇ ਸੋਮਵਾਰ ਨੂੰ ਐਲਾਨ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੈਂਡੋਰਾ ਪੇਪਰਜ਼ ਮਾਮਲੇ ਵਿਚ ਪਾਕਿਸਤਾਨੀ ਨਾਵਾਂ ਦੀ ਜਾਂਚ ਲਈ ਇਕ ਸੈੱਲ ਦਾ ਗਠਨ ਕੀਤਾ ਸੀ। ਭਾਵੇਂਕਿ ਵਿਰੋਧੀ ਦਲਾਂ ਨੇ ਇਮਰਾਨ ਖਾਨ ਦੇ ਇਸ ਕਦਮ ਨੂੰ ਧੋਖਾ ਕਰਾਰ ਦਿੱਤਾ ਹੈ। ਵਿਰੋਧੀ ਧਿਰ ਨੇ ਇਕ ਨਿਆਂਇਕ ਕਮਿਸ਼ਨ ਜਾਂ ਪਨਾਮਾ ਪੇਪਰਜ਼ ਦੀ ਤਰ੍ਹਾਂ ਇਕ ਸੁਤੰਤਰ ਕਮਿਸ਼ਨ ਦੇ ਮਾਧਿਅਮ ਨਾਲ ਜਾਂਚ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ 'ਚ ਮੌਲਵੀ ਅਤੇ ਉਸ ਦੇ ਪੁੱਤਰਾਂ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼
ਪੈਂਡੋਰਾ ਪੇਪਰਜ਼ ਐਤਵਾਰ ਨੂੰ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ ( (ICIJ) ਵੱਲੋਂ ਜਾਰੀ ਕੀਤੇ ਗਏ। ਇਸ ਨੂੰ 117 ਦੇਸ਼ਾਂ ਦੇ 150 ਮੀਡੀਆ ਅਦਾਰਿਆਂ ਦੇ 600 ਪੱਤਰਕਾਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਦੁਨੀਆ ਭਰ ਦੀਆਂ 14 ਕਾਨੂੰਨੀ ਅਤੇ ਵਿੱਤੀ ਸੇਵਾ ਪ੍ਰਦਾਤਾ ਕੰਪਨੀਆਂ ਨੂੰ ਮਿਲੇ ਲੱਗਭਗ ਇਕ ਕਰੋੜ 19 ਲੱਖ ਗੁਪਤ ਦਸਤਾਵੇਜ਼ ਦੀ ਪੜਤਾਲ ਤੋਂ ਭਾਰਤ, ਪਾਕਿਸਤਾਨ, ਅਮਰੀਕਾ ਸਮੇਤ 200 ਤੋਂ ਵੱਧ ਦੇਸ਼ਾਂ ਦੇ ਨੇਤਾਵਾਂ, ਅਰਬਪਤੀਆਂ, ਮਸ਼ਹੂਰ ਹਸਤੀਆਂ ਦੇ ਗੁਪਤ ਲੈਣ-ਦੇਣ ਨੂੰ ਉਜਾਗਰ ਕੀਤਾ ਗਿਆ ਹੈ।