ਬ੍ਰਿਟੇਨ ''ਚ ਨੀਰਵ ਮੋਦੀ ਦੀ ਹਿਰਾਸਤ 9 ਜੁਲਾਈ ਤੱਕ ਵਧੀ

Thursday, Jun 11, 2020 - 04:39 PM (IST)

ਬ੍ਰਿਟੇਨ ''ਚ ਨੀਰਵ ਮੋਦੀ ਦੀ ਹਿਰਾਸਤ 9 ਜੁਲਾਈ ਤੱਕ ਵਧੀ

ਲੰਡਨ— ਬ੍ਰਿਟੇਨ ਦੀ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 9 ਜੁਲਾਈ ਤੱਕ ਨਿਆਂਇਕ ਹਿਰਾਸਤ 'ਚ ਰੱਖਣ ਦੇ ਹੁਕਮ ਦਿੱਤੇ ਹਨ। ਭਾਰਤ 'ਚ ਅਰਬਾਂ ਰੁਪਏ ਦੇ ਬੈਂਕ ਕਰਜ਼ ਘੋਟਾਲੇ ਤੇ ਮਨੀਲਾਂਡਰਿੰਗ ਦੇ ਮਾਮਲਿਆਂ 'ਚ ਲੋੜੀਂਦਾ ਨੀਰਵ ਮੋਦੀ ਪਿਛਲੇ ਸਾਲ ਮਈ ਤੋਂ ਲੰਡਨ ਦੀ ਇਕ ਜੇਲ੍ਹ 'ਚ ਕੈਦ ਹੈ। ਨੀਰਵ ਮੋਦੀ ਨੂੰ ਜੇਲ ਤੋਂ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਵੀਡੀਓ ਲਿੰਕ ਜ਼ਰੀਏ ਪੇਸ਼ ਕੀਤਾ ਗਿਆ। ਉਹ ਪਿਛਲੇ ਸਾਲ ਮਾਰਚ 'ਚ ਗ੍ਰਿਫਤਾਰੀ ਤੋਂ ਬਾਅਦ ਵੈਂਡਸਵਰਥ ਜੇਲ੍ਹ 'ਚ ਹੈ।

ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨਾਲ ਤਕਰੀਬਨ 2 ਅਰਬ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਨੀਰਵ ਮੋਦੀ ਖਿਲਾਫ ਬ੍ਰਿਟੇਨ 'ਚ ਹਵਾਲਗੀ ਦਾ ਮੁਕੱਦਮਾ ਚੱਲ ਰਿਹਾ ਹੈ। ਉਸ ਦੀ ਹਵਾਲਗੀ ਦੇ ਮਾਮਲੇ 'ਤੇ 7 ਸਤੰਬਰ ਨੂੰ ਸੁਣਵਾਈ ਸ਼ੁਰੂ ਹੋਣ ਵਾਲੀ ਹੈ। ਉਦੋਂ ਤੱਕ ਉਸ ਨੂੰ ਹਰ 28 ਦਿਨ 'ਚ ਇਸੇ ਤਰ੍ਹਾਂ ਸੁਣਵਾਈ ਲਈ ਪੇਸ਼ ਕੀਤਾ ਜਾਵੇਗਾ।
ਜ਼ਿਲ੍ਹਾ ਜੱਜ ਸੈਮੂਅਲ ਗੂਜੀ ਨੇ ਨੀਰਵ ਮੋਦੀ ਨੂੰ ਕਿਹਾ, ''ਤੁਹਾਡੀ ਹਵਾਲਗੀ ਦੇ ਸੰਬੰਧ 'ਚ ਸੱਤ ਸਤੰਬਰ ਨੂੰ ਹੋਣ ਵਾਲੀ ਅਗਲੇ ਪੜਾਅ ਦੀ ਸੁਣਵਾਈ ਤੋਂ ਪਹਿਲਾਂ ਤੁਹਾਡੀ ਪੇਸ਼ੀ ਇਸੇ ਤਰ੍ਹਾਂ ਵੀਡੀਓ ਲਿੰਕ ਜ਼ਰੀਏ ਹੋਵੇਗੀ।'' ਇਸ ਦੌਰਾਨ ਨੀਰਵ ਮੋਦੀ ਨੇ ਸਿਰਫ ਆਪਣਾ ਨਾਮ ਅਤੇ ਨਾਗਰਿਕਤਾ ਦੱਸਣ ਲਈ ਮੂੰਹ ਖੋਲ੍ਹਿਆ। ਨੀਰਵ ਮੋਦੀ ਸੁਣਵਾਈ ਦੌਰਾਨ ਕਾਗਜ਼ 'ਤੇ ਕੁਝ ਲਿਖ ਰਿਹਾ ਸੀ। ਜੱਜ ਨੇ ਹਵਾਲਗੀ ਪ੍ਰਕਿਰਿਆ ਦੇ ਪਹਿਲੇ ਪੜਾਅ ਦੀ ਪਿਛਲੇ ਮਹੀਨੇ ਅਗਵਾਈ ਕੀਤੀ ਸੀ। ਦੂਜੇ ਪੜਾਅ ਤਹਿਤ ਸੱਤ ਸਤੰਬਰ ਤੋਂ ਪੰਜ ਦਿਨ ਦੀ ਸੁਣਵਾਈ ਸ਼ੁਰੂ ਹੋਵੇਗੀ।


author

Sanjeev

Content Editor

Related News