ਇਟਲੀ : ਸੰਤ ਨਿਰੰਜਨ ਦਾਸ ਤੇ ਸੰਤ ਮਨਦੀਪ ਦਾਸ ਦਾ ਯੂਰਪ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ
Friday, Aug 19, 2022 - 11:30 AM (IST)
ਰੋਮ (ਦਲਵੀਰ ਕੈਂਥ): ਮਹਾਨ ਕ੍ਰਾਂਤੀਕਾਰੀ ਅਧਿਆਤਮਕਵਾਦੀ,ਸ਼੍ਰੋਮਣੀ ਸੰਤ ਯੁੱਗ ਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਦੀਵਾ ਪੂਰੀ ਦੁਨੀਆ ਵਿੱਚ ਰੁਸ਼ਨਾਉਣ ਵਾਲੇ 108 ਸੰਤ ਨਿਰੰਜਣ ਦਾਸ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ (ਜਲੰਧਰ) ਆਪਣੇ ਵਜ਼ੀਰ ਸੇਵਾਦਾਰ ਸੰਤ ਮਨਦੀਪ ਦਾਸ ਨਾਲ 6 ਅਗਸਤ ਤੋਂ ਆਪਣੀ ਵਿਸੇ਼ਸ ਯੂਰਪ ਫੇਰੀ 'ਤੇ ਹਨ।ਇਸ ਮੌਕੇ ਉਹ ਹੋਰ ਦੇਸ਼ਾਂ ਤੋਂ ਹੁੰਦੇ ਹੋਏ ਬੈਰਗਾਮੋ, ਬਰੇਸ਼ੀਆਂ, ਕਿਰਮੋਨਾ, ਪੋਰਦੀਨੋਨੇ, ਰਿਜੋਇਮੀਲੀਆ, ਮਾਨਤੋਵਾ, ਪਾਰਮਾ-ਪਿਚੈਂਸਾ, ਅਰੇਸ਼ੋ, ਤੇਰਨੀ ਨਾਰਨੀ, ਮਾਰਕੇ,ਰੋਮ ਆਦਿ ਦੀਆਂ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਉਪੰਰਤ ਅੱਜ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਪਹੁੰਚੇ ਜਿੱਥੇ ਕਿ ਲਾਸੀਓ ਸੂਬੇ ਤੋਂ ਸੰਗਤਾਂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸੰਤਾਂ ਦੀ ਸੰਗਤ ਕਰਨ ਪਹੁੰਚੀਆਂ।
ਜਿਹਨਾਂ ਨੂੰ ਸੰਬੋਧਨ ਕਰਦਿਆਂ ਸੰਤਾਂ ਨੇ ਕਿਹਾ ਕਿ ਸਮੁੱਚੀਆਂ ਸੰਗਤਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਸੱਚੇ ਨਾਮ ਦੀ ਭਗਤੀ ਕਰਨ ਦਾ ਉਪਦੇਸ਼ ਦਿੰਦਿਆਂ ਕਿਹਾ ਕਿ ਸਭ ਨੂੰ ਵੈਰ ਈਰਖਾ ਛੱਡਕੇ ਆਪਸੀ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨ ਸ਼ਹਿਰ ਬੇਗਮਪੁਰਾ ਨੂੰ ਵਸਾਉਣ ਲਈ ਦਿਲੋਂ ਬਾਣੀ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।108 ਸੰਤ ਨਿਰੰਜਣ ਦਾਸ ਜੀ ਜਿਹਨਾਂ ਕਿ ਆਪਣੀ ਸਾਰੀ ਜ਼ਿੰਦਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਮਿਸ਼ਨ ਨੂੰ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਣ ਲਈ ਦਿਨ-ਰਾਤ ਸੇਵਾ ਕੀਤੀ ਤੇ ਅੱਜ ਵੀ ਦੇਸ਼-ਵਿਦੇਸ਼ ਸਮੁੱਚੀਆਂ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕਰਨ ਲਈ ਬਿਨ੍ਹਾਂ ਰੁੱਕੇ ਤੇ ਬਿਨ੍ਹਾਂ ਝੁੱਕੇ ਸੱਚ ਦਾ ਹੋਕਾ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ : ਰਿਸ਼ੀ ਸੁਨਕ ਨੇ ਮਨਾਈ ਜਨਮ ਅਸ਼ਟਮੀ, ਪਤਨੀ ਅਕਸ਼ਤਾ ਨਾਲ ਕੀਤੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ
ਇਸ ਮਹਾਨ ਕਾਰਜ ਲਈ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ 108 ਸੰਤ ਨਿਰੰਜਨ ਦਾਸ ਹੁਰਾਂ ਦਾ ਸੋਨ ਤਮਗੇ ਨਾਲ ਉਚੇਚਾ ਸਨਮਾਨ ਕੀਤਾ ਗਿਆ ਤੇ ਅਰਦਾਸ ਬੇਨਤੀ ਕੀਤੀ ਗਈ ਸੰਤ ਸਦਾ ਹੀ ਇਸ ਤਰ੍ਹਾਂ ਮਨੁੱਖਾ ਦੇ ਭਲੇ ਹਿੱਤ ਕਾਰਜ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਦੇ ਰਹਿਣ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਧਾਰਮਿਕ ਅਸਥਾਨ ਰੋਮ,ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਤੇ ਨਾਪੋਲੀ ਆਦਿ ਤੋਂ ਵੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨੇ ਸੰਗਤਾਂ ਦੀ ਸੰਗਤ ਕਰਦਿਆਂ ਆਸ਼ੀਰਵਾਦ ਲਿਆ।ਆਈਆਂ ਸਭ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।