ਮੈਗਡੇਬਰਗ ''ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, 5 ਲੋਕਾਂ ਦੀ ਮੌਤ ਤੇ 7 ਭਾਰਤੀਆਂ ਸਮੇਤ 200 ਲੋਕ ਜਖ਼ਮੀ

Sunday, Dec 22, 2024 - 04:35 PM (IST)

ਮੈਗਡੇਬਰਗ ''ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, 5 ਲੋਕਾਂ ਦੀ ਮੌਤ ਤੇ 7 ਭਾਰਤੀਆਂ ਸਮੇਤ 200 ਲੋਕ ਜਖ਼ਮੀ

ਰੋਮ (ਦਲਵੀਰ ਕੈਂਥ) : ਯੂਰਪ ਦੇ ਸਭ ਤੋਂ ਮਸ਼ਹੂਰ ਦੇਸ਼ ਜਰਮਨੀ ਦੇ ਸ਼ਹਿਰ ਮੈਗਡੇਬਰਗ ਵਿੱਚ ਬੀਤੇ ਦਿਨ ਇੱਕ ਭੀੜ-ਭੜੱਕੇ ਵਾਲੇ ਕ੍ਰਿਸਮਸ ਬਾਜ਼ਾਰ ਵਿੱਚ ਇੱਕ ਤੇਜ ਰਫ਼ਤਾਰ ਕਾਰ ਨੇ 5 ਲੋਕਾਂ ਦੀ ਜਾਨ ਲੈ ਲਈ ਜਦੋਂ ਕਿ 7 ਭਾਰਤੀਆਂ ਸਮੇਤ ਇਸ ਘਟਨਾ ਵਿੱਚ 200 ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਵਿੱਚ 1 ਬੱਚੇ ਸਮੇਤ 4 ਔਰਤਾਂ ਵੀ ਸ਼ਾਮਿਲ ਹਨ।

PunjabKesari

ਜਰਮਨੀ ਪੁਲਸ ਅਨੁਸਾਰ ਕਾਰ ਚਲਾਉਣ ਵਾਲਾ ਤਾਲੇਬ ਅਲ ਅਬਦੁਲਮੋਹਸਨ 50 ਸਾਲਾ ਸਾਊਦੀ ਅਰਬ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਜਰਮਨ ਰਹਿੰਦਾ ਸੀ ਜੋ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਜਰਮਨੀ ਵਿੱਚ ਇੱਕ ਡਾਕਟਰ ਵਜੋਂ ਕੰਮ ਕਰਦਾ ਸੀ। ਇਹ ਸੰਨ 2006 ਵਿੱਚ ਜਰਮਨੀ ਆਇਆ ਸੀ। ਰਾਇਟਰਜ਼ ਨਿਊਜ਼ ਏਜੰਸੀ ਨੇ ਪੁਲਸ ਵੱਲੋਂ ਘਟਨਾ ਨੂੰ ਅੰਜਾਮ ਦੇਣ  ਲਈ ਗ੍ਰਿਫ਼ਤਾਰ ਕੀਤੇ ਸ਼ੱਕੀ ਮੁਲਜ਼ਮ ਦੀ ਤਸਵੀਰ ਨੂੰ ਜਨਤਕ ਕੀਤਾ ਹੈ ਜਿਹੜੀ ਕਿ ਰਿਆਰ ਫਾਊਡੇਸ਼ਨ ਯੂਐੱਸਏ ਤੋਂ ਪ੍ਰਾਪਤ ਕੀਤੀ ਹੋਈ ਹੈ। 

ਇਸ ਘਟਨਾ ਨਾਲ ਪੂਰੇ ਯੂਰਪ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ ਕਿਉਂਕਿ ਕੱਟੜਪੰਥੀ ਲੋਕ ਸਦਾ ਹੀ ਕ੍ਰਿਸਮਸ ਮੌਕੇ ਯੂਰਪ ਦੇ ਕਈ ਦੇਸ਼ਾਂ ਨੂੰ ਆਪਣਾ ਨਿਸ਼ਾਨਾ ਬਣਾਕੇ ਦਹਿਸ਼ਤ ਪੈਦਾ ਕਰਨੀ ਚਾਹੁੰਦੇ ਹਨ। ਕ੍ਰਿਸਮਸ ਮੌਕੇ ਯੂਰਪ ਭਰ ਵਿੱਚ ਛੁੱਟੀਆਂ ਹੁੰਦੀਆਂ ਹਨ ਤੇ ਉਹ ਛੁੱਟੀਆਂ ਦਾ ਪੂਰਾ ਪੂਰਾ ਆਨੰਦ ਪੈਣ ਲਈ ਲੋਕ ਜਿੱਥੇ ਯੂਰਪ ਦੀ ਯਾਤਰਾ ਕਰਨ ਦਾ ਸ਼ੌਕ ਰੱਖਦੇ ਹਨ ਉੱਥੇ ਹੀ ਕ੍ਰਿਸਮਸ ਮੌਕੇ ਰੰਗ-ਬਿਰੰਗੇ ਸਾਜੋ-ਸਮਾਨ ਨਾਲ ਲੱਧੇ ਬਾਜ਼ਾਰਾਂ ਤੋਂ ਖਰੀਦੋ ਫਰੋਕਤ ਕਰਨ ਨੂੰ ਵੀ ਵਿਸ਼ੇਸ਼ ਤਰਹੀਜ ਦਿੰਦੇ ਹਨ। ਕ੍ਰਿਸਮਸ ਮਾਰਕੀਟ ਵਿੱਚ ਸਥਾਨਕ ਲੋਕਾਂ ਨਾਲ ਸੈਲਾਨੀਆਂ ਦੀ ਲੱਗੀ ਭੀੜ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਹਮਲਾਵਾਰ ਨੇ ਕ੍ਰਿਸ਼ਮਸ ਬਾਜ਼ਾਰ ਵਿੱਚ ਭੀੜ ਉਪੱਰ ਹਮਲਾ ਕੀਤਾ ਹੈ।

PunjabKesari

ਜਰਮਨੀ ਸਰਕਾਰ ਤੇ ਲੋਕਾਂ ਵੱਲੋਂ ਇਸ ਘਟਨਾ ਉਪੱਰ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਘਟਨਾ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੰਨ 2016 ਵਿੱਚ ਵੀ 8 ਸਾਲ ਪਹਿਲਾਂ 19 ਦਸੰਬਰ ਨੂੰ ਬਰਲਿਨ ਸ਼ਹਿਰ ਦੇ ਇੱਕ ਕ੍ਰਿਸ਼ਮਸ ਬਾਜ਼ਾਰ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ 13 ਲੋਕਾਂ ਦੀ ਜਾਨ ਗਈ ਸੀ ਤੇ ਦਰਜਨਾਂ ਲੋਕ ਜਖ਼ਮੀ ਹੋਏ ਸਨ। ਇਸ ਹਮਲੇ ਨੂੰ ਅੰਜਾਮ ਦੇਣ ਵਾਲਾ ਵੀ ਇਸਲਾਮਿਕ ਸਟੇਟ (ਆਈ ਐੱਸ) ਨਾਲ ਸੰਬਧਤ ਸੀ ਜਿਸ ਨੇ ਇੱਕ ਚੋਰੀ ਦਾ ਟਰੱਕ ਭੀੜ ਉਪੱਰ ਚੜਾ ਦਿੱਤਾ ਸੀ। ਇਸ ਹਮਲੇ ਨਾਲ ਯੂਰਪ ਦੇ ਹੋਰ ਦੇਸ਼ ਜਿਵੇਂ ਇਟਲੀ ਅਸਟਰੀ, ਫਰਾਂਸ ਤੇ ਸਪੇਨ ਆਦਿ 'ਚ ਸਖ਼ਤੀ ਕਰਦਿਆਂ ਪੁਲਸ ਨੇ ਮੁਸ਼ਤੈਦੀ ਵਧਾ ਦਿੱਤੀ ਹੈ ਪਰ ਜਦੋਂ ਤੱਕ ਨਵਾਂ ਸਾਲ ਨਹੀਂ ਚੜ੍ਹਦਾ ਲੋਕਾਂ ਨੂੰ ਹੁਣ ਬਾਹਰ ਘੁੰਮਣ ਜਾਣ ਲਈ ਸੋਚਣਾ ਪੈ ਰਿਹਾ ਹੈ।


author

Baljit Singh

Content Editor

Related News