ਮਹਿੰਗੀ ਬਿਜਲੀ ਹੈ ਓਨਟਾਰੀਓ ਦੇ ਲੋਕਾਂ ਦਾ ਮੁੱਖ ਮੁੱਦਾ, ਪੰਜਾਬੀਆਂ ਦੀਆਂ ਵੀਜ਼ਾ ਸੰਬੰਧੀ ਸਮੱਸਿਆ ਦਾ ਵੀ ਕਰਾਂਗੇ ਹੱਲ-ਤਾਂਗੜੀ

04/01/2017 12:40:19 PM

ਓਨਟਾਰੀਓ— ਕੈਨੇਡਾ ਵਿਚ ਅਗਲੇ ਸਾਲ ਓਨਟਾਰੀਓ ਪ੍ਰੋਵਿੰਸ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੇ ਕਈ ਲੋਕ ਮੈਦਾਨ ਵਿਚ ਨਿਤਰਨਗੇ, ਜਿਨ੍ਹਾਂ ''ਚੋਂ ਇਕ ਹੈ ਨੀਨਾ ਤਾਂਗੜੀ। ਤਾਂਗੜੀ ਮਿਸੀਗਾਗਾ-ਸਟ੍ਰੀਟਵਿਲੇ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਹੈ। ਉਨ੍ਹਾਂ ਕਿਹਾ ਕਿ ਓਨਟਾਰੀਓ ਦੇ ਲੋਕਾਂ ਦਾ ਮੁੱਖ ਮੁੱਦਾ ਮਹਿੰਗੀ ਬਿਜਲੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਲਿਬਰਲ ਸਰਕਾਰ ਬਿਜਲੀ ਦਾ ਅੰਸ਼ਕ ਤੌਰ ''ਤੇ ਨਿੱਜੀਕਰਨ ਕਰ ਰਹੀ ਹੈ, ਜਿਸ ਕਰਕੇ ਇਸ ਦੀਆਂ ਕੀਮਤਾਂ ਦੋ-ਤਿੰਨ ਗੁਣਾ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਓਨਟਾਰੀਓ ਵਿਚ ਕੰਜ਼ਰਵੇਟਿਵ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦੀ ਪਹਿਲ ਬਿਜਲੀ ਦਾ ਨਿੱਜੀਕਰਣ ਰੋਕ ਕੇ ਇਸ ਦੀਆਂ ਕੀਮਤਾਂ ਨੂੰ ਘਟਾਉਣਾ ਹੋਵੇਗਾ।
ਇਸ ਦੇ ਨਾਲ ਹੀ ਤਾਂਗੜੀ ਨੇ ਕਿਹਾ ਕਿ ਪੰਜਾਬੀਆਂ ਦੀਆਂ ਵੀਜ਼ਾ ਸੰਬੰਧੀ ਸਮੱਸਿਆਵਾਂ ਦਾ ਹੱਲ ਕਰਨਾ ਵੀ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਪੱਕੇ ਹੋਣ ਲਈ ਪੰਜਾਬੀ ਨਕਲੀ ਵਿਆਹਾਂ ਦਾ ਸਹਾਰਾ ਲੈਂਦੇ ਹਨ। ਇਸ ਦੇ ਬਾਵਜੂਦ ਵੀ ਦੋ ਸਾਲਾਂ ਤੱਕ ਉਨ੍ਹਾਂ ਨੂੰ ਸਪਾਊਸ ਵੀਜ਼ਾ ਨਹੀਂ ਮਿਲਦਾ ਸੀ ਪਰ ਹੁਣ ਉਨ੍ਹਾਂ ਦੀ ਪਾਰਟੀ ਦੀਆਂ ਕੋਸ਼ਿਸ਼ਾਂ ਸਦਕਾ ਇਹ ਸਮਾਂ ਹੱਦ ਘਟਾ ਕੇ ਇਕ ਸਾਲ ਕਰ ਦਿੱਤੀ ਗਈ ਹੈ। 
ਇੱਥੇ ਦੱਸ ਦੇਈਏ ਕਿ ਤਾਂਗੜੀ ਯੂ. ਕੇ. ਦੀ ਜੰਮਪਲ ਹੈ ਅਤੇ ਕੈਨੇਡਾ ਦੀ ਵਸਨੀਕ ਹੈ। ਉਸ ਦਾ ਵਿਆਹ ਪੰਜਾਬ ਦੇ ਬਿਲਗਾ ਪਿੰਡ ਦੇ ਰਹਿਣ ਵਾਲੇ ਅਸ਼ਵਿਨ ਤਾਂਗੜੀ ਨਾਲ ਹੋਇਆ ਹੈ। ਇੱਥੇ ਉਨ੍ਹਾਂ ਨੇ ਆਪਣੀ ਸੱਸ ਸ਼ੀਲਾ ਰਾਣੀ ਤਾਂਗੜੀ ਦੇ ਨਾਂ ''ਤੇ ਇਕ ਸਕੂਲ ਵੀ ਬਣਵਾਇਆ ਹੈ। ਇਸ ਕਰਕੇ ਉਨ੍ਹਾਂ ਦੇ ਭਾਰਤ ਵਿਚ ਹਰ ਸਾਲ ਕਈ ਚੱਕਰ ਲੱਗ ਹੀ ਜਾਂਦੇ ਹਨ।

Kulvinder Mahi

News Editor

Related News