ਇਸਤਾਂਬੁਲ ਨਾਈਟ ਕਲੱਬ ''ਚ ਹਮਲਾ ਕਰਨ ਵਾਲੇ ਹਮਲਾਵਰ ਦੀ ਹੋਈ ਪਛਾਣ
Sunday, Jan 08, 2017 - 05:07 PM (IST)

ਇਸਤਾਂਬੁਲ— ਤੁਰਕੀ ਦੇ ਸ਼ਹਿਰ ਇਸਤਾਂਬੁਲ ਦੇ ਇਕ ਨਾਈਟ ਕਲੱਬ ''ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ''ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਪਛਾਣ ਉਜ਼ਬੇਕ ਜੇਹਾਦੀ ਦੇ ਰੂਪ ''ਚ ਕੀਤੀ ਹੈ, ਜੋ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਨਾਲ ਜੁੜਿਆ ਹੈ। ਇਸ ਹਮਲਾਵਰ ਦੀ ਪਛਾਣ ਨੂੰ ਲੈ ਕੇ ਪੁਲਸ ''ਚ ਉਲਝਣ ਦੀ ਸਥਿਤੀ ਬਣੀ ਰਹੀ।
ਸ਼ੁਰੂ ''ਚ ਕਿਹਾ ਗਿਆ ਸੀ ਕਿ ਉਹ ਕਿਗਰਿਸਤਾਨ ਦਾ ਨਾਗਰਿਕ ਹੈ ਅਤੇ ਫਿਰ ਕਿਹਾ ਗਿਆ ਕਿ ਉਹ ਚੀਨ ਦਾ ਵਾਸੀ ਹੈ। ਇਹ ਹਮਲਾਵਰ ਅਜੇ ਵੀ ਫਰਾਰ ਹੈ। ਇਕ ਅਖਬਾਰ ਅਤੇ ਹੋਰ ਤੁਰਕੀ ਅਖਬਾਰਾਂ ਮੁਤਾਬਕ ਖੁਫੀਆ ਸੇਵਾਵਾਂ ਅਤੇ ਅੱਤਵਾਦ ਵਿਰੋਧੀ ਪੁਲਸ ਨੇ ਹਮਲਾਵਰ ਦੀ ਪਛਾਣ 34 ਸਾਲ ਦੇ ਉਜ਼ਬੇਕ ਨਾਗਰਿਕ ਦੇ ਰੂਪ ''ਚ ਕੀਤੀ ਹੈ। ਖਬਰਾਂ ਮੁਤਾਬਕ ਹਮਲਾਵਰ ਦਾ ਨਾਂ ਅਬੂ ਮੁਹੰਮਦ ਹੂਰਾਸਾਨੀ ਦੱਸਿਆ ਗਿਆ ਹੈ, ਹਾਲਾਂਕਿ ਅਧਿਕਾਰਤ ਤੌਰ ''ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਦੱਸਣ ਯੋਗ ਹੈ ਕਿ ਇਸਤਾਂਬੁਲ ਦੇ ਨਾਈਟ ਕਲੱਬ ''ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਤਕਰੀਬਨ 500 ਲੋਕ ਇਕੱਠੇ ਹੋਏ ਸਨ ਕਿ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ 39 ਲੋਕ ਮਾਰੇ ਗਏ ਅਤੇ 69 ਦੇ ਕਰੀਬ ਜ਼ਖਮੀ ਹੋ ਗਏ ਸਨ। ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਕਲੱਬ ''ਚ ਬਣੇ ਸਵੀਮਿੰਗ ਪੂਲ ''ਚ ਛਾਲਾਂ ਮਾਰ ਦਿੱਤੀ। ਇਸ ਹਮਲੇ ਵਿਚ 2 ਭਾਰਤੀ ਨਾਗਰਿਕ ਗੁਜਰਾਤ ਦੀ ਫੈਸ਼ਨ ਡਿਜ਼ਾਈਨਰ ਖੁਸ਼ੀ ਸ਼ਾਹ ਅਤੇ ਫਿਲਮ ਨਿਰਮਾਤਾ ਅਬੀਸ ਰਿਜ਼ਵੀ ਦੀ ਮੌਤ ਹੋ ਗਈ। ਇਹ ਦੋਵੇਂ ਇੱਥੇ ਨਵਾਂ ਸਾਲ ਮਨਾਉਣ ਲਈ ਆਏ ਸਨ।