ਨਾਈਜੀਰੀਆਈ ਫੌਜ ਦੀ ਵੱਡੀ ਕਾਰਵਾਈ, 187 ਤੋਂ ਵਧੇਰੇ ਸ਼ੱਕੀ ਅੱਤਵਾਦੀ ਕੀਤੇ ਢੇਰ
Sunday, Nov 03, 2024 - 03:35 PM (IST)
ਅਬੂਜਾ (IANS) : ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੇਸ਼ ਭਰ 'ਚ ਵੱਖ-ਵੱਖ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਨਾਈਜੀਰੀਆ ਦੀ ਫੌਜ ਦੁਆਰਾ 187 ਤੋਂ ਵੱਧ ਸ਼ੱਕੀ ਅੱਤਵਾਦੀ ਮਾਰੇ ਗਏ ਅਤੇ 262 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਨਾਈਜੀਰੀਆ ਦੀ ਫੌਜ ਦੇ ਬੁਲਾਰੇ ਐਡਵਰਡ ਬੂਬਾ ਨੇ ਸ਼ਨੀਵਾਰ ਨੂੰ ਰਾਜਧਾਨੀ ਅਬੂਜਾ 'ਚ ਸ਼ਿਨਹੂਆ ਨੂੰ ਭੇਜੇ ਇੱਕ ਬਿਆਨ 'ਚ ਕਿਹਾ ਕਿ ਇਸ ਦੌਰਾਨ ਕੁੱਲ 19 ਸ਼ੱਕੀ ਅੱਤਵਾਦੀਆਂ ਨੇ 23 ਅਕਤੂਬਰ ਤੋਂ 29 ਅਕਤੂਬਰ ਦੇ ਵਿਚਕਾਰ ਸੈਨਿਕਾਂ ਨੂੰ ਆਤਮ ਸਮਰਪਣ ਕੀਤਾ। ਬੂਬਾ ਨੇ ਕਿਹਾ ਕਿ ਫੌਜ ਨੇ ਆਪਣੇ ਅੱਤਵਾਦ ਵਿਰੋਧੀ ਅਪ੍ਰੇਸ਼ਨਾਂ ਵਿੱਚ 'ਇੱਕ ਵੱਡੀ ਸਫਲਤਾ' ਦਰਜ ਕੀਤੀ। ਇਸ ਦੌਰਾਨ ਇਕ ਬਦਨਾਮ ਸ਼ੱਕੀ ਅੱਤਵਾਦੀ ਅਬੂਬਕਰ ਇਬਰਾਹਿਮ, ਜਿਸ ਨੂੰ ਹਬੂ ਡੋਗੋ ਵੀ ਕਿਹਾ ਜਾਂਦਾ ਹੈ, ਨੂੰ ਇਸ ਸਮੇਂ ਦੌਰਾਨ ਉੱਤਰ ਪੱਛਮੀ ਰਾਜ ਸੋਕੋਟੋ ਦੇ ਇੱਕ ਪਿੰਡ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਫੌਜੀ ਬੁਲਾਰੇ ਨੇ ਅੱਗੇ ਕਿਹਾ ਕਿ ਹਾਬੂ ਡੋਗੋ, ਦੇਸ਼ ਦੇ 'ਸਭ ਤੋਂ ਵੱਧ ਲੋੜੀਂਦੇ' ਅੱਤਵਾਦੀ ਕਿੰਗਪਿਨਾਂ 'ਚੋਂ ਇੱਕ ਹੈ। ਉਸ ਦੀਆਂ ਅੱਤਵਾਦੀ ਗਤੀਵਿਧੀਆਂ ਦੀ ਸਰਹੱਦ ਪਾਰ ਤਕ ਮਾਰ ਕਾਰਨ ਨਾਈਜੀਰੀਆ ਅਤੇ ਗੁਆਂਢੀ ਨਾਈਜਰ ਦੋਵਾਂ ਵਿੱਚ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਸੂਚੀ 'ਚ ਸੀ।