ਨਾਈਜੀਰੀਆ : ਮਸਜਿਦ ''ਚ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ, 5 ਦੀ ਮੌਤ ਤੇ 18 ਲੋਕ ਅਗਵਾ
Monday, Nov 23, 2020 - 06:07 PM (IST)
ਅਬੁਜਾ (ਬਿਊਰੋ): ਅਫਰੀਕੀ ਦੇਸ਼ ਨਾਈਜੀਰੀਆ ਵਿਚ ਐਤਵਾਰ ਨੂੰ ਇਕ ਮਸਜਿਦ ਵਿਚ ਬੰਦੂਕਧਾਰੀਆਂ ਨੇ ਹਮਲਾ ਕਰ ਕੇ 5 ਲੋਕਾਂ ਦਾ ਕਤਲ ਕਰ ਦਿੱਤਾ ਅਤੇ 18 ਲੋਕਾਂ ਨੂੰ ਅਗਵਾ ਕਰ ਲਿਆ। ਨਾਈਜੀਰੀਆ ਪੁਲਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਇਹ ਹਮਲਾ ਸ਼ੁੱਕਰਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਰਾਜ ਜਾਸਫਰਾ ਵਿਚ ਹੋਇਆ।
ਪੁਲਸ ਬੁਲਾਰੇ ਮੁਹੰਮਦ ਸ਼ੇਹੂ ਨੇ ਦੱਸਿਆ ਕਿ ਜਾਮਫਰਾ ਖੇਤਰ ਦੇ ਮਾਰੂਲ ਖੇਤਰ ਵਿਚ ਦਸਤਨ ਗਾਰੀ ਭਾਈਚਾਰੇ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸ਼ੇਹੂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਮਸਜਿਦ ਵਿਚ ਮੌਜੂਦ ਇਮਾਮ ਸਮੇਤ 18 ਲੋਕਾਂ ਨੂੰ ਅਗਵਾ ਕਰ ਲਿਆ। ਇਸ ਦੇ ਬਾਅਦ ਹਮਲਾਵਰਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿਚ 2 ਲੋਕਾਂ ਦੀ ਘਟਨਾਸਥਲ 'ਤੇ ਹੀ ਮੌਤ ਹੋ ਗਈ। ਉੱਥੇ ਤਿੰਨ ਦੀ ਮੌਤ ਹਸਪਤਾਲ ਵਿਚ ਇਲਾਜ ਦੇ ਦੌਰਾਨ ਹੋਈ।
ਚਸ਼ਮਦੀਦਾਂ ਨੇ ਦੱਸਿਆ ਕਿ ਬੰਦੂਕਧਾਰੀ ਮੋਟਰਬਾਈਕ ਦੇ ਜ਼ਰੀਏ ਉੱਥੇ ਪਹੁੰਚੇ ਅਤੇ ਨਮਾਜ਼ ਪੜ੍ਹ ਰਹੇ ਲੋਕਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਹਮਲੇ ਦੇ ਬਾਅਦ ਹਮਲਾਵਰ ਨੇੜੇ ਦੇ ਜੰਗਲ ਵਿਚ ਭੱਜ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਘਟਨਾਸਥਲ 'ਤੇ ਪਹੁੰਚੀ ਅਤੇ ਹਮਲਾਵਰਾਂ ਦੀ ਤਲਾਸ਼ ਵਿਚ ਜੁਟ ਗਈ। ਹਾਲ ਹੀ ਦਿਨਾਂ ਵਿਚ ਨਾਈਜੀਰੀਆ ਦੇ ਉੱਤਰ ਪੱਛਮੀ ਖੇਤਰ ਵਿਚ ਲੁੱਟ, ਅਗਵਾ ਕਰਨ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।