ਨਾਈਜੀਰੀਆ ਦੇ ਰਾਸ਼ਟਰਪਤੀ ਕਰ ਸਕਦੇ ਨੇ ਦੱਖਣੀ ਅਫਰੀਕਾ ਦਾ ਦੌਰਾ

Sunday, Sep 08, 2019 - 03:29 PM (IST)

ਨਾਈਜੀਰੀਆ ਦੇ ਰਾਸ਼ਟਰਪਤੀ ਕਰ ਸਕਦੇ ਨੇ ਦੱਖਣੀ ਅਫਰੀਕਾ ਦਾ ਦੌਰਾ

ਜੋਹਨਸਬਰਗ— ਦੱਖਣੀ ਅਫਰੀਕਾ 'ਚ ਪ੍ਰਵਾਸੀਆਂ ਖਿਲਾਫ ਨਫਰਤ ਤੇ ਹਿੰਸਕ ਘਟਨਾਵਾਂ ਹੋਣ ਦੇ ਬਾਅਦ ਨਾਈਜੀਰੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਤਣਾਅ ਨੂੰ ਦੇਖਦੇ ਹੋਏ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਅਕਤੂਬਰ 'ਚ ਦੱਖਣੀ ਅਫਰੀਕਾ ਦੀ ਅਧਿਕਾਰਕ ਯਾਤਰਾ 'ਤੇ ਆ ਸਕਦੇ ਹਨ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦਫਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਅਫਰੀਕਾ ਦੀ ਆਰਥਿਕ ਰਾਜਧਾਨੀ ਅਤੇ ਨੇੜਲੇ ਖੇਤਰਾਂ 'ਚ ਇਸ ਹਫਤੇ ਵਿਦੇਸ਼ੀ ਲੋਕਾਂ ਖਿਲਾਫ ਜਾਨਲੇਵਾ ਹਮਲੇ ਕਾਫੀ ਵਧ ਗਏ। ਇਨ੍ਹਾਂ 'ਚੋਂ ਨਾਈਜੀਰੀਆਈ ਵਿਅਕਤੀਆਂ ਵਲੋਂ ਸੰਚਾਲਿਤ ਵਪਾਰਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਸ ਹਿੰਸਾ ਦੇ ਵਿਰੋਧ 'ਚ ਨਾਈਜੀਰੀਆ 'ਚ ਵੀ ਦੱਖਣੀ ਅਫਰੀਕੀ ਫਰਮਾਂ 'ਤੇ ਹਮਲੇ ਹੋਏ ਅਤੇ ਹਿੰਸਾ ਕਾਰਨ ਲਾਗੋਸ ਅਤੇ ਅਬੁਜਾ 'ਚ ਦੱਖਣੀ ਅਫਰੀਕਾ ਦੇ ਡਿਪਲੋਮੈਟ ਮਿਸ਼ਨਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ। ਹਿੰਸਾ 'ਚ ਘੱਟ ਤੋਂ ਘੱਟ 10 ਲੋਕ ਮਾਰੇ ਗਏ ਅਤੇ ਸੈਂਕੜੇ ਦੁਕਾਨਾਂ ਬਰਬਾਦ ਹੋਈਆਂ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦੇ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਬੁਹਾਰੀ ਦੀ ਯਾਤਰਾ ਦਾ ਮਕਸਦ 'ਦੋਵੇਂ ਦੇਸ਼ਾਂ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਹੋਰ ਦ੍ਰਿੜ ਕਰਨਾ' ਅਤੇ ਦੱਖਣੀ ਅਫਰੀਕਾ ਤੇ ਨਾਈਜੀਰੀਆ 'ਚ ਲੋਕਾਂ ਅਤੇ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਰੂਪ ਨਾਲ ਵਿਵਸਥਾ ਸਥਾਪਤ ਕਰਨਾ ਹੈ ਅਤੇ ਪ੍ਰਬੰਧ ਵਿਕਸਤ ਕਰਨਾ ਹੈ।'' ਐਤਵਾਰ ਨੂੰ ਭੜਕੀ ਹਿੰਸਾ ਮਗਰੋਂ 420 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।


Related News