ਸ਼ੱਕੀ ਅੱਤਵਾਦੀਆਂ ਦੇ ਹਮਲੇ ''ਚ 70 ਜਵਾਨਾਂ ਦੀ ਮੌਤ : ਨਾਈਜਰ ਅਧਿਕਾਰੀ

Thursday, Dec 12, 2019 - 04:13 PM (IST)

ਸ਼ੱਕੀ ਅੱਤਵਾਦੀਆਂ ਦੇ ਹਮਲੇ ''ਚ 70 ਜਵਾਨਾਂ ਦੀ ਮੌਤ : ਨਾਈਜਰ ਅਧਿਕਾਰੀ

ਨਿਆਮੀ (ਭਾਸ਼ਾ): ਪੱਛਮੀ ਨਾਈਜਰ ਵਿਚ ਸ਼ੱਕੀ ਅੱਤਵਾਦੀਆਂ ਨੇ ਇਕ ਮਿਲਟਰੀ ਚੌਕੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਘੱਟੋ-ਘੱਟ 70 ਜਵਾਨਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਦੇ ਇਕ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ। ਇਸ ਪੱਛਮੀ ਅਫਰੀਕੀ ਦੇਸ਼ ਦੇ ਹਾਲ ਹੀ ਦੇ ਇਤਿਹਾਸ ਵਿਚ ਸੁਰੱਖਿਆ ਬਲਾਂ 'ਤੇ ਇਹ ਸਭ ਤੋਂ ਭਿਆਨਕ ਹਮਲਾ ਹੈ। ਹਿੰਸਾ ਦੀ ਇਹ ਘਟਨਾ ਫਰਾਂਸ ਵਿਚ ਹੋਣ ਵਾਲੇ ਇਕ ਸੰਮੇਲਨ ਤੋਂ ਸਿਰਫ ਕੁਝ ਦਿਨ ਪਹਿਲਾਂ ਵਾਪਰੀ ਹੈ। ਇਸ ਸੰਮੇਲਨ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਪੱਛਮੀ ਅਫਰੀਕੀ ਨੇਤਾਵਾਂ ਨਾਲ ਸਾਹੇਲ ਖੇਤਰ ਵਿਚ ਫਰਾਂਸ ਦੀ ਫੌਜ ਦੀ ਭੂਮਿਕਾ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ।

ਰਾਸ਼ਟਰਪਤੀ ਮੁਹੰਮਦ ਇਸੂਫੂ ਦੇ ਟਵਿੱਟਰ ਅਕਾਊਂਟ ਤੋਂ ਬੁੱਧਵਾਰ ਦੇਰ ਰਾਤ ਕੀਤੇ ਗਏ ਇਕ ਟਵੀਟ ਵਿਚ ਦੱਸਿਆ ਗਿਆ ਹੈ ਕਿ ਉਹ ਨਾਈਜਰ ਦੀ ਮਾਲੀ ਨਾਲ ਲੱਗਦੀ ਸੀਮਾ 'ਤੇ ਹੋਏ ਇਸ ਹਮਲੇ ਦੇ ਬਾਅਦ ਮਿਸਰ ਦੀ ਆਪਣੀ ਯਾਤਰਾ ਨੂੰ ਅੱਧ ਵਿਚਾਲੇ ਖਤਮ ਕਰ ਕੇ ਦੇਸ਼ ਪਰਤ ਰਹੇ ਹਨ। ਨਾਈਜਰ ਦੀ ਫੌਜ ਨੇ ਹਾਲੇ ਮ੍ਰਿਤਕਾਂ ਦੀ ਗਿਣਤੀ ਜਾਰੀ ਨਹੀਂ ਕੀਤੀ ਹੈ ਪਰ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਸਲਾਹਕਾਰ ਨੇ ਇਸ ਅਸਥਾਈ ਗਿਣਤੀ ਦੀ ਪੁਸ਼ਟੀ ਕੀਤੀ ਹੈ। ਸਲਾਹਕਾਰ ਨੇ ਦੱਸਿਆ ਕਿ ਇਹ ਭਿਆਨਕ ਹਮਲਾ ਨਾਈਜਰ ਦੇ ਦੂਰ ਦੁਰਾਡੇ ਇਲਾਕੇ ਵਿਚ ਹੋਇਆ। ਇੱਥੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਜਿਹਾਦੀ ਸਰਗਰਮ ਹਨ। 


author

Vandana

Content Editor

Related News