ਬਿਨਾਂ ਕਿਸੇ ਝਿਜਕ ਦੇ ਲਵਾਂਗੀ ਕੋਰੋਨਾ ਵਾਇਰਸ ਵੈਕਸੀਨ: ਨਿਕੋਲਾ ਸਟਰਜਨ
Tuesday, Mar 16, 2021 - 02:21 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੋਰੋਨਾ ਵਾਇਰਸ ਟੀਕਾਕਰਨ ਦੇ ਸੰਬੰਧ ਵਿੱਚ ਕਿਹਾ ਹੈ ਕਿ ਉਹ ਟੀਕਾਕਰਨ ਸੰਬੰਧੀ ਸੱਦਾ ਪ੍ਰਾਪਤ ਕਰਨ 'ਤੇ ਬਿਨਾਂ ਕਿਸੇ ਝਿਜਕ ਅਤੇ ਚਿੰਤਾ ਤੋਂ ਵੈਕਸੀਨ ਲਵੇਗੀ। ਜਦਕਿ ਕੁਝ ਯੂਰਪੀਅਨ ਦੇਸ਼ ਐਸਟ੍ਰਾਜ਼ੇਨੇਕਾ ਟੀਕਿਆਂ ਸੰਬੰਧੀ ਖੂਨ ਜੰਮ ਜਾਣ ਦੀਆਂ ਚਿੰਤਾਵਾਂ ਕਾਰਨ ਇਸ ਦੀ ਵਰਤੋਂ ਰੋਕ ਰਹੇ ਹਨ।
ਸੋਮਵਾਰ ਨੂੰ ਐਡਿਨਬਰਾ ਵਿਚ ਕੋਰੋਨਾ ਵਾਇਰਸ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਫਸਟ ਮਨਿਸਟਰ ਨੇ ਕਿਹਾ ਕਿ ਟੀਕਿਆਂ ਨੂੰ ਬਲੱਡ ਕਲਾਟਸ ਸੰਬੰਧੀ ਜੋੜਨ ਦੇ ਕੋਈ “ਮੌਜੂਦਾ ਸਬੂਤ” ਨਹੀਂ ਹਨ, ਜਦੋਂ ਕਿ ਫਰਾਂਸ, ਇਟਲੀ, ਜਰਮਨੀ ਆਦਿ ਸਮੇਤ ਕਈ ਦੇਸ਼ਾਂ ਨੇ ਇਸ ਦੀ ਵਰਤੋਂ ਮੁਅੱਤਲ ਕਰ ਦਿੱਤੀ ਹੈ। ਇਸ ਸੰਬੰਧੀ ਮੁੱਖ ਮੈਡੀਕਲ ਅਫਸਰ ਡਾ. ਗ੍ਰੇਗੋਰ ਸਮਿੱਥ ਨੇ ਵੀ ਕਿਹਾ ਕਿ ਯੂਕੇ ਵਿੱਚ ਹੋਈਆਂ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਯੂਕੇ ਵਿੱਚ ਟੀਕੇ ਦਿੱਤੇ ਗਏ ਲੋਕਾਂ ਨੂੰ ਖ਼ੂਨ ਜੰਮਣ ਦੀ ਸੰਭਾਵਨਾ ਘੱਟ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਨਿਊਯਾਰਕ ਸਿਟੀ 'ਚ ਕੋਰੋਨਾ ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਪਹਿਲੀ ਮੰਤਰੀ ਅਨੁਸਾਰ ਉਹ ਟੀਕਾਕਰਨ ਲਈ ਉਸ ਉਮਰ ਸਮੂਹ ਵਿੱਚ ਹੈ ਜਿਸ ਨੂੰ ਅੱਧ-ਅਪ੍ਰੈਲ ਤੋਂ ਪਹਿਲਾਂ ਟੀਕਾ ਲਗਾਇਆ ਜਾਵੇਗਾ, ਇਸ ਲਈ ਸਟਰਜਨ ਟੀਕੇ ਦੇ ਸੱਦੇ ਲਈ ਉਮੀਦ ਕਰ ਰਹੀ ਹੈ ਅਤੇ ਉਹ ਬਿਨਾਂ ਟੀਕੇ ਦੀ ਕੰਪਨੀ ਦੀ ਪ੍ਰਵਾਹ ਕੀਤਿਆਂ ਟੀਕਾ ਲਗਵਾਏਗੀ।
ਨੋਟ- ਨਿਕੋਲਾ ਸਟਰਜਨ ਦੇ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਬਿਆਨ 'ਤੇ ਕੁਮੈਂਟ ਕਰ ਦਿਓ ਰਾਏ।