ਨਿਊਜ਼ੀਲੈਂਡ : 2 ਪੰਜਾਬੀਆਂ ਸਮੇਤ ਅੱਧੀ ਦਰਜਨ ਪ੍ਰਵਾਸੀਆਂ 'ਤੇ ਲਟਕੀ ਦੇਸ਼ ਛੱਡਣ ਦੀ ਤਲਵਾਰ

Thursday, Jun 15, 2017 - 08:19 PM (IST)

ਨਿਊਜ਼ੀਲੈਂਡ : 2 ਪੰਜਾਬੀਆਂ ਸਮੇਤ ਅੱਧੀ ਦਰਜਨ ਪ੍ਰਵਾਸੀਆਂ 'ਤੇ ਲਟਕੀ ਦੇਸ਼ ਛੱਡਣ ਦੀ ਤਲਵਾਰ

ਆਕਲੈਂਡ (ਜੁਗਰਾਜ ਮਾਨ)— ਪੁਕੀਕੂਈ 'ਚ ਇਕ ਕੀਵੀ ਫਾਰਮ ਹਾਊਸ 'ਤੇ ਇਮੀਗ੍ਰੇਸ਼ਨ ਵਿਭਾਗ ਅਤੇ ਪੁਲਸ ਵਲੋਂ ਸਾਂਝੇ ਤੌਰ 'ਤੇ ਛਾਪਾ ਮਾਰ ਕੇ ਅੱਧੀ ਦਰਜਨ ਤੋਂ ਜ਼ਿਆਦਾ ਪ੍ਰਵਾਸੀ ਕਾਮਿਆਂ ਨੂੰ ਅਣਅਧਿਕਾਰਤ ਪਾਏ ਜਾਣ 'ਤੇ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ 'ਚੋਂ 2 ਪੰਜਾਬੀ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਲੋਂ ਪੁਲਸ ਅਧਿਕਾਰਆਂ ਨਾਲ ਸਾਂਝੇ ਤੌਰ 'ਤੇ ਪੁਕੀਕੂਈ ਦੇ ਇਕ ਨਾਮਵਰ ਕੀਵੀ ਫਾਰਮ ਹਾਊਸ 'ਤੇ ਛਾਪਾ ਮਾਰਿਆ ਗਿਆ। ਇਸ ਫਾਰਮ ਹਾਊਸ 'ਤੇ ਵੱਡੀ ਗਿਣਤੀ 'ਚ ਪ੍ਰਵਾਸੀ ਕਾਮੇ ਹੀ ਕੰਮ ਕਰਦੇ ਹਨ। ਇਸ ਫਾਰਮ ਹਾਊਸ 'ਤੇ 'ਰੀਮੂਵਲ ਆਰਡਰ' ਤਹਿਤ ਫੜੇ ਜਾਣ ਵਾਲੇ ਕਾਮਿਆਂ ਦਾ ਤੁਰੰਤ ਵੀਜ਼ਾ ਰੱਦ ਕਰਕੇ 42 ਦਿਨਾਂ ਅੰਦਰ ਨਿਊਜ਼ੀਲੈਂਡ ਛੱਡਣ ਦੇ ਹੁਕਮ ਦਿੱਤੇ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਕਾਮੇ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਕੋਲ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਕਰਨ ਦਾ ਹੱਕ ਹੋਵੇਗਾ। 
ਭਰੋਸੇਯੋਗ ਸੂਤਰਾਂ ਅਨੁਸਾਰ ਨਿਊਜ਼ੀਲੈਂਡ ਇਮੀਗਰੇਸ਼ਨ ਵਲੋਂ ਕੀਵੀ ਫਾਰਮ ਹਾਊਸ 'ਤੇ ਛਾਪਾ ਕਿਸੇ ਪੱਕੀ ਸੂਹ ਦੇ ਆਧਾਰ 'ਤੇ ਮਾਰਿਆ ਸੀ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਵਲੋਂ ਇੰਨੇ ਵੱਡੇ ਪੱਧਰ ਦੀ ਕੋਈ ਕਾਰਵਾਈ ਕਦੇ ਨਹੀਂ ਕੀਤੀ ਗਈ। ਇਮੀਗਰੇਸ਼ਨ ਨਿਊਜ਼ੀਲੈਂਡ ਦੀ ਇਸ ਕਾਰਵਾਈ ਤੋਂ ਬਾਅਦ ਨਿਊਜ਼ੀਲੈਂਡ 'ਚ ਕੰਮ ਕਰਦੇ ਪ੍ਰਵਾਸੀਆਂ 'ਚ ਅਤੇ ਫਾਰਮ ਹਾਊਸਾਂ 'ਚ ਖੌਫ ਦਾ ਮਾਹੌਲ ਬਣ ਗਿਆ ਹੈ। ਸੂਤਰਾਂ ਅਨੁਸਾਰ ਜਦੋਂ ਇਮੀਗ੍ਰੇਸ਼ਨ ਵਿਭਾਗ ਦੀ ਟੀਮ ਨੇ ਪੁਕੀਕੂਈ ਦੇ ਫਾਰਮ ਹਾਊਸ 'ਤੇ ਛਾਪਾ ਮਾਰਿਆ ਗਿਆ ਤਾਂ ਉਸ ਵੇਲੇ ਅਫਸਰਾਂ ਨੂੰ ਦੇਖ ਕੇ ਇਕ ਪੰਜਾਬੀ ਕਾਮੇ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਨੂੰ ਲੇਜ਼ਰ ਗੰਨ ਦੇ ਨਾਲ ਨਢਾਲ ਕਰਕੇ ਕਾਬੂ ਕਰ ਲਿਆ ਗਿਆ। ਇਕ ਪੰਜਾਬੀ ਕਾਮੇ ਨੂੰ ਪੰਜਾਬੀ ਭਾਈਚਾਰੇ ਦੇ ਕੁਝ ਪਤਵੰਤਿਆਂ ਨੇ ਉਸ ਦੇ ਸਾਰੇ ਕਾਗਜ਼ਾਤ ਸਹੀ ਹੋਣ ਕਾਰਨ ਪੁਲਸ ਕੋਲ ਉਸ ਨੂੰ ਛੁਡਵਾਉਣ ਦੀ ਪੈਰਵੀ ਵੀ ਕੀਤੀ।


Related News