ਇਹ ਸ਼ਰਤਾਂ ਪੂਰੀਆਂ ਕਰਨ ਵਾਲੇ ਇਸ ਦੇਸ਼ 'ਚ 78 ਰੁਪਏ 'ਚ ਖਰੀਦ ਸਕਦੇ ਹਨ ਮਕਾਨ

02/02/2018 12:00:56 PM

ਰੋਮ (ਬਿਊਰੋ)— ਵਿਦੇਸ਼ ਵਿਚ ਆਪਣਾ ਘਰ ਬਣਾਉਣ ਦੀ ਇੱਛਾ ਰੱਖਣ ਵਾਲਿਆਂ ਲਈ ਇਹ ਖਬਰ ਪੜ੍ਹਨੀ ਜ਼ਰੂਰੀ ਹੈ। ਹੁਣ ਇਟਲੀ ਦੇ ਇਕ ਪਿੰਡ ਵਿਚ ਸਸਤੇ ਵਿਚ ਘਰ ਖਰੀਦਣ ਦਾ ਸੁਨਹਿਰੀ ਮੌਕਾ ਹੈ। ਇੱਥੇ ਸਿਰਫ 78 ਰੁਪਏ ਵਿਚ ਤੁਸੀਂ ਨਵੇਂ ਘਰ ਦੇ ਮਾਲਕ ਬਣ ਸਕਦੇ ਹੋ। ਇਟਲੀ ਦੇ ਸਾਰਡੀਨੀਆ ਟਾਪੂ ਵਿਚ ਪਹਾੜੀ ਖੇਤਰ ਓਲੋਲਈ ਵਿਚ ਖਾਲੀ ਪਏ 200 ਮਕਾਨਾਂ ਨੂੰ ਵੇਚਿਆ ਜਾ ਰਿਹਾ ਹੈ। ਇਨ੍ਹਾਂ ਮਕਾਨਾਂ ਨੂੰ ਆਫਰ ਪ੍ਰਾਈਜ਼ (ਪੇਸ਼ਕਸ਼ ਮੁੱਲ) ਵਿਚ ਵੇਚ ਕੇ ਕੰਪਨੀ ਇੱਥੇ ਆਬਾਦੀ ਵਧਾਉਣਾ ਚਾਹੁੰਦੀ ਹੈ। ਮੇਅਰ ਨੇ ਇੱਥੋਂ ਦੀ ਘਟਦੀ ਆਬਾਦੀ ਨੂੰ ਦੇਖ ਕੇ ਇਹ ਫੈਸਲਾ ਲਿਆ ਹੈ।
ਪੂਰੀਆਂ ਕਰਨੀਆਂ ਪੈਣਗੀਆਂ ਇਹ ਸ਼ਰਤਾਂ
ਓਲੋਲਈ ਦੇ ਮੇਅਰ ਨੇ ਇੱਥੇ ਖਾਲੀ ਪਏ 200 ਮਕਾਨਾਂ ਨੂੰ ਵੇਚਣ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਬਾਹਰੋਂ ਆ ਕੇ ਇੱਥੇ ਰਹਿਣ ਅਤੇ ਇੱਥੇ ਦੀ ਆਬਾਦੀ ਵਧੇ। ਹਾਲਾਂਕਿ ਅਪਲਾਈ ਕਰਨ ਲਈ ਸਿਰਫ ਇਕ ਹਫਤਾ ਹੀ ਬਚਿਆ ਹੈ। ਇੱਥੇ ਮਕਾਨ ਖਰੀਦਣ ਲਈ ਕੁਝ ਸ਼ਰਤਾਂ ਵੀ ਹਨ। ਖਰੀਦਦਾਰਾਂ ਨੂੰ 23 ਲੱਖ ਰੁਪਏ ਤੱਕ ਦੀ ਅਨੁਮਾਨਿਤ ਲਾਗਤ 'ਤੇ 3 ਸਾਲ ਦੇ ਅੰਦਰ ਇਨ੍ਹਾਂ ਮਕਾਨਾਂ ਦਾ ਨਵੀਨੀਕਰਨ ਕਰਵਾਉਣਾ ਹੋਵੇਗਾ। ਅਸਲ ਵਿਚ ਇਨ੍ਹਾਂ ਵਿਚੋਂ ਜ਼ਿਆਦਾਤਰ ਘਰਾਂ ਦੀ ਹਾਲਤ ਬਹੁਤ ਖਰਾਬ ਹੈ। ਇਸ ਦੇ ਨਾਲ ਹੀ ਇਹ ਛੋਟ ਵੀ ਹੈ ਕਿ 5 ਸਾਲ ਬਾਅਦ ਖਰੀਦਦਾਰ ਇਨ੍ਹਾਂ ਮਕਾਨਾਂ ਨੂੰ ਵੇਚ ਸਕਦਾ ਹੈ।
ਭਾਵੇਂ ਇਨ੍ਹਾਂ ਮਕਾਨਾਂ ਦੀ ਕੀਮਤ ਘੱਟ ਹੈ ਪਰ ਇਨ੍ਹਾਂ ਦੀ ਮੁਰੰਮਤ ਵਿਚ ਖਰੀਦਦਾਰਾਂ ਨੂੰ ਵਾਧੂ ਖਰਚ ਕਰਨਾ ਹੋਵੇਗਾ। ਇਸ ਦੇ ਬਾਵਜੂਦ ਵੀ ਮੇਅਰ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸ਼ਹਿਰ ਦੀ ਸੁੰਦਰਤਾ ਅਤੇ ਇਤਿਹਾਸ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ।
ਹੁਣ ਤੱਕ ਮਿਲੀਆਂ 120 ਅਰਜ਼ੀਆਂ
ਕਦੇ ਓਲੋਲਈ ਵਿਚ ਆਬਾਦ ਸੰਘਣੀ ਸੀ ਪਰ ਹੁਣ ਲੋਕ ਆਪਣੇ ਮਕਾਨ ਖਾਲੀ ਛੱਡ ਕੇ ਸ਼ਹਿਰਾਂ ਵਿਚ ਚਲੇ ਗਏ ਹਨ। ਖਾਲੀ ਪਏ ਇਹ ਮਕਾਨ ਖੰਡਹਰਾਂ ਵਿਚ ਤਬਦੀਲ ਹੁੰਦੇ ਜਾ ਰਹੇ ਹਨ। ਇਸ ਲਈ ਮੇਅਰ ਨੇ ਮਕਾਨ ਮਾਲਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਪ੍ਰੋਪਰਟੀ ਨੂੰ ਟਾਊਨ ਅਥਾਰਿਟੀ ਨੂੰ ਸੌਂਪਣ ਦੀ ਗੱਲ ਕਹੀ, ਜਿਸ ਮਗਰੋਂ ਇਨ੍ਹਾਂ ਨੂੰ ਵੇਚਣ ਲਈ ਮਾਰਕੀਟ ਵਿਚ ਰੱਖਿਆ ਗਿਆ ਹੈ। ਸਾਲ 2017 ਦੇ ਅਖੀਰ ਤੱਕ ਇਨ੍ਹਾਂ ਮਕਾਨਾਂ ਨੂੰ ਖਰੀਦਣ ਲਈ 120 ਅਰਜ਼ੀਆਂ ਆ ਚੁੱਕੀਆਂ ਹਨ। ਇਨ੍ਹਾਂ ਵਿਚ ਅਮਰੀਕਾ, ਆਸਟ੍ਰੇਲੀਆ ਅਤੇ ਰੂਸ ਦੇ ਲੋਕ ਵੀ ਸ਼ਾਮਲ ਹਨ। ਅਪਲਾਈ ਕਰਨ ਲਈ 7 ਫਰਵਰੀ ਤੱਕ ਦੀ ਡੈਡਲਾਈਨ ਹੈ।


Related News