ਓਂਟਾਰੀਓ : ਕੋਰੋਨਾ ਪਾਬੰਦੀਆਂ ਨਾ ਮੰਨਣ ਵਾਲੇ ਸਟੋਰ ਨੂੰ ਬੰਦ ਕਰਨ ਦੇ ਮਿਲੇ ਹੁਕਮ

01/07/2021 4:25:48 PM

ਯਾਰਕ ਰੀਜਨ- ਓਂਟਾਰੀਓ ਸੂਬੇ ਦੇ ਯਾਰਕ ਰੀਜਨ ਦੇ ਸਿਹਤ ਅਧਿਕਾਰੀਆਂ ਨੇ ਨਿਊ ਮਾਰਕਿਟ ਬਿਜ਼ਨਸ ਸਟੋਰ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਇੱਥੇ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। 

ਅਧਿਕਾਰੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੱਥੇ ਬਹੁਤੇ ਲੋਕ ਬਿਨਾਂ ਮਾਸਕ ਦੇ ਆਉਂਦੇ ਹਨ ਜਦਕਿ ਹਰੇਕ ਲਈ ਮਾਸਕ ਪਾ ਕੇ ਬਾਹਰ ਨਿਕਲਣਾ ਲਾਜ਼ਮੀ ਹੈ। ਅਜਿਹਾ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਹੋ ਚੁੱਕਾ ਹੈ। ਸਿਹਤ ਅਧਿਕਾਰੀ ਡਾ. ਕਰੀਮ ਕੁਰਜੀ ਨੇ ਕਿਹਾ ਕਿ ਇਸ ਸਟੋਰ ਵਲੋਂ ਪਹਿਲਾਂ 23 ਦਸੰਬਰ ਨੂੰ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਜਦ 24 ਦਸੰਬਰ ਅਧਿਕਾਰੀ ਜਾਂਚ ਲਈ ਇੱਥੇ ਪੁੱਜੇ ਤਦ ਵੀ ਲੋਕ ਸਟੋਰ ਅੰਦਰੋਂ ਸਾਮਾਨ ਖਰੀਦ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਛੁੱਟੀਆਂ ਦੌਰਾਨ ਕਿਸੇ ਨੂੰ ਵੀ ਸਟੋਰ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ ਤੇ ਇਹ ਸਟੋਰ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। 

ਇਸ ਦੇ ਬਾਅਦ ਹੁਣ 5 ਜਨਵਰੀ ਨੂੰ ਮੁੜ ਇਸ ਸਟੋਰ ਦੀ ਜਾਂਚ ਕੀਤੀ ਗਈ ਤੇ ਇਕ ਵਾਰ ਫਿਰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਹੁੰਦੀ ਦੇਖੀ ਗਈ। ਸਟੋਰ ਵਿਚ ਨਾ ਹੀ ਸਮਾਨ ਵੇਚਣ ਵਾਲਿਆਂ ਨੇ ਤੇ ਨਾ ਹੀ ਗਾਹਕਾਂ ਨੇ ਮਾਸਕ ਪਾਏ ਸਨ। ਇਸ ਤਰ੍ਹਾਂ ਇਹ ਲੋਕ ਕੋਰੋਨਾ ਨੂੰ ਸੱਦਾ ਦੇ ਰਹੇ ਹਨ। 

ਜ਼ਿਕਰਯੋਗ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਪਾਬੰਦੀਆਂ ਤੋੜਨ 'ਤੇ ਇਕ ਦਿਨ ਦਾ 5000 ਡਾਲਰ ਜੁਰਮਾਨਾ ਲੱਗ ਸਕਦਾ ਹੈ ਜਦਕਿ ਕਿਸੇਕਾਰਪੋਰੇਸ਼ਨ ਵਲੋਂ ਪਾਬੰਦੀਆਂ ਤੋੜਨ 'ਤੇ ਉਨ੍ਹਾਂ ਨੂੰ 25 ਹਜ਼ਾਰ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਫਿਲਹਾਲ ਇਸ ਸਟੋਰ 'ਤੇ ਜਾਂਚ ਅਧਿਕਾਰੀ ਨਜ਼ਰ ਬਣਾ ਕੇ ਬੈਠੇ ਹਨ ਤੇ ਅਗਲੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ।


Lalita Mam

Content Editor

Related News