ਦੁਨੀਆ ਦਾ ਪਹਿਲਾ ਮਾਮਲਾ : ਨਵਜੰਮੇ ਬੱਚੇ ਨੂੰ ਹੋਇਆ ਕੋਰੋਨਾ ਵਾਇਰਸ

03/14/2020 3:46:34 PM

ਲੰਡਨ— ਇੰਗਲੈਂਡ 'ਚ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇੱਥੇ 798 ਲੋਕ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ ਤੇ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ ਇਸ ਵਾਇਰਸ 'ਚ 35 ਫੀਸਦੀ ਵਾਧਾ ਹੋਇਆ ਹੈ। ਦੁਨੀਆ 'ਚ ਪਹਿਲੀ ਵਾਰ ਇਕ ਨਵਜੰਮੇ ਬੱਚੇ 'ਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਨਾਲ ਹੜਕੰਪ ਮਚ ਗਿਆ ਹੈ। ਇੰਗਲੈਂਡ 'ਚ ਇਕ ਨਵਜੰਮਿਆ ਬੱਚਾ ਕੋਰੋਨਾ ਵਾਇਰਸ ਨਾਲ ਪੀੜਤ ਨਿਕਲਿਆ ਜਦਕਿ ਇਸ ਦੀ ਮਾਂ ਨੂੰ ਲੱਗ ਰਿਹਾ ਸੀ ਕਿ ਇਸ ਨੂੰ ਨਿਮੋਨੀਆ ਹੋਇਆ ਹੈ। ਜਦ ਮਾਂ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਹਸਪਤਾਲ ਪੁੱਜੀ ਤਾਂ ਜਾਂਚ 'ਚ ਪਤਾ ਲੱਗਾ ਕਿ ਬੱਚਾ ਕੋਰੋਨਾ ਨਾਲ ਪੀੜਤ ਹੈ। ਹੁਣ ਮਾਂ ਅਤੇ ਬੱਚੇ ਨੂੰ ਵੱਖਰੇ-ਵੱਖਰੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

ਕੋਰੋਨਾ ਵਾਇਰਸ ਨਾਲ ਪੀੜਤ ਇਹ ਸਭ ਤੋਂ ਛੋਟੀ ਉਮਰ ਦਾ ਮਰੀਜ਼ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਇਸ ਗੱਲ ਦਾ ਪਤਾ ਲਗਾ ਰਹੇ ਹਨ ਕਿ ਨਵਜੰਮਿਆ ਬੱਚਾ ਪੈਦਾ ਹੋਣ ਮਗਰੋਂ ਵਾਇਰਸ ਦੀ ਲਪੇਟ 'ਚ ਆਇਆ ਜਾਂ ਆਪਣੀ ਮਾਂ ਦੇ ਗਰਭ 'ਚੋਂ ਹੀ ਉਹ ਪੀੜਤ ਹੋ ਗਿਆ ਸੀ। ਰਾਇਲ ਕਾਲਜ ਆਫ ਆਬਸਟੀਟ੍ਰੀਸ਼ੀਅਨਜ਼ ਐਂਡ ਗਾਇਨੋਕੋਲੋਜਿਸਟ ਵਲੋਂ ਸਲਾਹ ਦਿੱਤੀ ਗਈ ਹੈ ਕਿ ਬੱਚੇ ਨੂੰ ਮਾਂ ਤੋਂ ਵੱਖ ਨਾ ਕੀਤਾ ਜਾਵੇ। ਅਜਿਹੀ ਹਾਲਤ 'ਚ ਬੱਚੇ ਨੂੰ ਮਾਂ ਦਾ ਦੁੱਧ ਮਿਲਣਾ ਜ਼ਰੂਰੀ ਹੈ।


Related News