ਨਵਾਂ ਰਿਕਾਰਡ : ਨਿਊਜ਼ੀਲੈਂਡ ''ਚ 24 ਸਾਲਾਂ ਬਾਅਦ ਕਿਸੇ ਇਕੋ ਪਾਰਟੀ ਨੂੰ ਬਹੁਮਤ

Saturday, Oct 17, 2020 - 04:59 PM (IST)

ਨਵਾਂ ਰਿਕਾਰਡ : ਨਿਊਜ਼ੀਲੈਂਡ ''ਚ 24 ਸਾਲਾਂ ਬਾਅਦ ਕਿਸੇ ਇਕੋ ਪਾਰਟੀ ਨੂੰ ਬਹੁਮਤ

ਆਕਲੈਂਡ- ਨਿਊਜ਼ੀਲੈਂਡ ਵਿਚ 24 ਸਾਲਾਂ ਬਾਅਦ ਕਿਸੇ ਇਕ ਪਾਰਟੀ ਨੂੰ ਇਕੱਲੀ ਨੂੰ ਬਹੁਮਤ ਹਾਸਲ ਹੋਇਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੀ ਲੇਬਰ ਪਾਰਟੀ ਨੇ ਸਾਰੇ ਅਨੁਮਾਨਾਂ ਤੋਂ ਵੱਧ ਕੇ ਜਿੱਤ ਹਾਸਲ ਕੀਤੀ ਹੈ। ਸ਼ਨੀਵਾਰ ਨੂੰ ਵੋਟਾਂ ਖਤਮ ਹੋਣ ਦੇ ਸਿਰਫ 90 ਮਿੰਟਾਂ ਬਾਅਦ ਹੀ ਗਿਣਤੀ ਸ਼ੁਰੂ ਹੋ ਗਈ। ਪਹਿਲਾਂ ਵੋਟ ਪਾਉਣ ਦੀ ਸੁਵਿਧਾ ਕਾਰਨ ਇਸ ਵਾਰ 20 ਲੱਖ ਲੋਕ ਪਹਿਲਾਂ ਹੀ ਵੋਟਾਂ ਪਾ ਚੁੱਕੇ ਸਨ। ਇਹ ਕੁੱਲ ਵੋਟਾਂ ਦਾ 57 ਫੀਸਦੀ ਹੈ। ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ ਤਕਰੀਬਨ 30 ਲੱਖ 77 ਹਜ਼ਾਰ ਹੈ। 

ਨਿਊਜ਼ੀਲੈਂਡ ਮੀਡੀਆ ਮੁਤਾਬਕ ਲੇਬਰ ਪਾਰਟੀ ਨੂੰ 48.9 ਫੀਸਦੀ ਤੇ ਕੁੱਲ 64 ਸੀਟਾਂ ਹਾਸਲ ਹੋਈਆਂ। 120 ਸੀਟਾਂ ਵਾਲੀ ਸੰਸਦ ਵਿਚ ਬਹੁਮਤ ਦਾ ਅੰਕੜਾ 61 ਹੈ। ਜੁਡਿਥ ਕੋਲਿੰਸ ਦੀ ਨੈਸ਼ਨਲ ਪਾਰਟੀ ਨੂੰ 27 ਫੀਸਦੀ ਵੋਟਾਂ ਹਾਸਲ ਹੋਈਆਂ ਤੇ 35 ਸੀਟਾਂ ਮਿਲੀਆਂ। ਏ. ਸੀ. ਟੀ. ਨਿਊਜ਼ੀਲੈਂਡ ਪਾਰਟੀ ਨੂੰ 10 ਸੀਟਾਂ ਮਿਲੀਆਂ।

ਜਿੱਤ ਮਗਰੋਂ ਅਰਡਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿਉਂਕਿ ਉਸ ਨੂੰ ਅਜਿਹੇ ਹੀ ਨਤੀਜੇ ਦੀ ਉਮੀਦ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਹੈ। ਮੈਂ ਆਪਣੀ ਟੀਮ ਵਿਚ ਬਦਲਾਅ ਨਹੀਂ ਕਰਾਂਗੀ। ਉਨ੍ਹਾਂ ਦੱਸਿਆ ਕਿ ਮੇਰੀ ਧੀ ਦੋ ਸਾਲ ਦੀ ਹੈ ਤੇ ਉਹ ਅਜੇ ਸੌਂ ਰਹੀ ਹੈ। ਇਹ ਜਿੱਤ ਖੁਸ਼ੀ ਦਾ ਪਲ ਹੈ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ 1996 ਤੋਂ ਐੱਮ. ਐੱਮ. ਪੀ. ਭਾਵ ਮਿਕਸਡ ਮੈਂਬਰ ਪ੍ਰਪੋਰਸ਼ਨਲ ਸਿਸਟਮ ਹੈ। ਵੋਟਰ ਇਕ ਵੋਟ ਪਸੰਦੀਦਾ ਪਾਰਟੀ ਤੇ ਦੂਜੀ ਉਮੀਦਵਾਰ ਨੂੰ ਦਿੰਦਾ ਹੈ। ਉਮੀਦਵਾਰ ਆਜ਼ਾਦ ਵੀ ਹੋ ਸਕਦਾ ਹੈ। ਇਸ ਸਿਸਟਮ ਦੇ ਲਾਗੂ ਹੋਣ ਦੇ ਬਾਅਦ ਪਹਿਲੀ ਵਾਰ ਅਜਿਹਾ ਮੌਕਾ ਹੈ, ਜਦ ਇਕ ਪਾਰਟੀ ਨੂੰ ਬਹੁਮਤ ਮਿਲਿਆ ਹੋਵੇ। 


author

Lalita Mam

Content Editor

Related News