ਪੰਜਾਬ ''ਚ ਹੋਣ ਵਾਲੇ ''ਵਿਸ਼ਵ ਕਬੱਡੀ ਕੱਪ'' ''ਚ ਸ਼ਾਮਲ ਹੋਵੇਗੀ ਨਿਊਜ਼ੀਲੈਂਡ ਦੀ ਟੀਮ

11/19/2019 1:20:42 PM

ਆਕਲੈਂਡ, (ਜੁਗਰਾਜ ਸਿੰਘ ਮਾਨ)— ਪੰਜਾਬ ਸਰਕਾਰ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਦਸੰਬਰ ਤੋਂ 10 ਦਸੰਬਰ 2019 ਤੱਕ ਕਰਵਾਏ ਜਾਣ ਵਾਲੇ ਵਿਸ਼ਵ ਕਬੱਡੀ ਕੱਪ ਵਿਚ ਸ਼ਾਮਲ ਹੋਣ ਲਈ ਪੰਜਾਬ ਸਰਕਾਰ ਵਲੋਂ 'ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ' ਨੂੰ ਵੀ ਸੱਦਾ ਭੇਜਿਆ ਗਿਆ ਹੈ। 'ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ' ਨੇ ਪੰਜਾਬ ਸਰਕਾਰ ਵਲੋਂ ਮੁੜ ਵਿਸ਼ਵ ਕਬੱਡੀ ਕੱਪ ਕਰਵਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਕਬੱਡੀ ਟੀਮ ਵਿਸ਼ਵ ਕਬੱਡੀ ਕੱਪ ਵਿਚ ਸ਼ਮੂਲੀਅਤ ਕਰੇਗੀ।

'ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ' ਦੀ ਹੋਈ ਇਕ ਹੰਗਾਮੀ ਇਕੱਤਰਤਾ ਵਿਚ ਫੈਡਰੇਸ਼ਨ ਦੇ ਚੇਅਰਮੈਨ ਪੰਮੀ ਬੋਲੀਨਾ, ਪ੍ਰਧਾਨ ਇਕਬਾਲ ਸਿੰਘ ਬੋਦਲ, ਦਰਸ਼ਨ ਸਿੰਘ ਨਿੱਝਰ, ਸਕੱਤਰ ਅਤੇ ਮੁੱਖ ਬੁਲਾਰਾ ਮਨਜਿੰਦਰ ਸਿੰਘ ਬਾਸੀ, ਗੋਪਾ ਬੈਂਸ, ਸ਼ਿੰਦਰ ਸਮਰਾ, ਹਰਜੀਤ ਰਾਏ, ਭਿੰਦਾ ਪਾਸਲਾ, ਬਬਲੂ ਕੁਰੂਕਸ਼ੇਤਰ, ਮੱਦੂ ਹੈਮਿਲਟਨ ਅਤੇ ਚਰਨਜੀਤ ਥਿਆੜਾ ਸ਼ਾਮਲ ਹੋਏ ਅਤੇ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਤਜਿੰਦਰ ਸਿੰਘ ਮਿੱਡੂਖੇੜਾ ਅਤੇ ਹਰਸਿਮਰਨ ਵਾਲੀਆ ਦਾ ਵਿਸ਼ਵ ਕਬੱਡੀ ਕੱਪ ਕਰਵਾਉਣ ਲਈ ਧੰਨਵਾਦ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜ਼ੀਲੈਂਡ, ਟੋਰੰਗਾ ਸਿੱਖ ਸੋਸਾਇਟੀ, ਟੀਪੁਕੀ ਸਿੱਖ ਸੋਸਾਇਟੀ ਅਤੇ ਨਿਊਜ਼ੀਲੈਂਡ ਦੇ ਸਾਰੇ ਮੁੱਖ ਖੇਡ ਕਲੱਬਜ਼ ਨੇ 'ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ' ਨੂੰ ਵਿਸ਼ਵ ਕਬੱਡੀ ਕੱਪ ਵਿਚ ਟੀਮ ਦੀ ਸ਼ਮੂਲੀਅਤ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।


Related News