ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨ ਸਮਾਗਮ ਦਾ ਸ਼ਾਨਦਾਰ ਆਗਾਜ਼
Saturday, Mar 20, 2021 - 02:35 PM (IST)
ਜਲੰਧਰ,ਆਕਲੈਂਡ (ਰਮਨ ਸੋਢੀ/ਹਰਮੀਕ)- ਆਕਲੈਂਡ ਦੇ ਟਾਕਾਨੀਨੀ 'ਚ ਸਿੱਖ ਸੁਪਰੀਮ ਸੋਸਾਈਟੀ ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨੇੜੇ ਤਿਆਰ ਕਰਵਾਇਆ ਗਿਆ ਬਹੁਮੰਤਵੀ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨੀ ਸਮਾਗਮ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਸੋਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਦੇ ਮੁਤਾਬਕ ਪਹਿਲੇ ਦਿਨ ਐਥਲੈਟਿਕ, ਵਾਲੀਬਾਲ, ਬਾਸਕਿਟ ਬਾਲ ਅਤੇ ਕਬੱਡੀ ਦੇ ਮੈਚ ਕਰਵਾਏ ਗਏ, ਜਿਸ ਦੌਰਾਨ ਲ਼ੜਕੇ ਅਤੇ ਲ਼ੜਕੀਆਂ ਦੀਆਂ ਕਈ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਕਬੱਡੀ ਦੇ ਫਸਵੇਂ ਮੈਚਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਲਿਆ। ਵਾਲੀਬਾਲ ਦੇ ਮੈਚ ਨਿਊਜੀਲੈਂਡ ਦੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ। ਬੱਚਿਆਂ ਦੇ ਹਾਕੀ ਮੁਕਾਬਲੇ ਨੇ ਵੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।ਇਸੇ ਤਰ੍ਹਾਂ ਇਸ ਦੌਰਾਨ ਕਰਵਾਏ ਗਏ ਐਥਲੀਟ ਮੁਕਾਬਲਿਆਂ ਦੌਰਾਨ ਵੱਖ-ਵੱਖ ਉਮਰ ਵਰਗ ਦੇ ਐਥਲੀਟਾਂ ਵਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।
ਪ੍ਰਬੰਧਕਾਂ ਨੇ ਦੱਸਿਆ ਕਿ ਬੇਸ਼ੱਕ ਕੋਰੋਨਾ ਵਾਇਰਸ ਦੇ ਕਾਰਨ ਸਰਕਾਰੀ ਹਦਾਇਤਾਂ ਦਾ ਪਾਲਣ ਕੀਤਾ ਗਿਆ ਪਰ ਲੋਕਾਂ ਨੇ ਭਰਵਾਂ ਹੁੰਗਾਰਾ ਦੇ ਕੇ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ। ਇਸ ਦੌਰਾਨ ਬੱਚੇ, ਜਵਾਨ ਅਤੇ ਬਜ਼ੁਰਗ ਬਤੌਰ ਦਰਸ਼ਕ ਤੇ ਵਲੰਟੀਅਰ ਸਮਾਗਮ 'ਚ ਸ਼ਾਮਲ ਹੋਏ। ਸਮਾਗਮ 'ਚ ਸ਼ਾਮਲ ਹੋਏ ਲੋਕਾਂ ਵਲੋਂ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ। ਦਾਖਲੇ ਸਮੇਂ ਲੋਕਾਂ ਨੂੰ ਕਮੇਟੀ ਵਲੋਂ ਸੈਨੇਟਾਇਜ਼ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਸਮਾਜਿਕ ਦੂਰੀ ਅਤੇ ਹੋਰ ਕੋਰੋਨਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਰੱਖਣ ਲਈ ਕਿਹਾ ਗਿਆ। ਇਸ ਦੌਰਾਨ ਸਾਰੇ ਦਰਸ਼ਕਾਂ ਦੇ ਖਾਣ-ਪੀਣ ਦਾ ਪ੍ਰਬੰਧ ਬਿਲਕੁਲ ਮੁਫਤ ਕੀਤਾ ਗਿਆ।
ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ, ਜੋ ਕਿ ਲਗਭਗ 10 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਇਆ ਹੈ। ਬੀਤੇ 10 ਸਾਲਾਂ ਤੋਂ ਇਸ ਕੰਪਲੈਕਸ ਦੀ ਉਸਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। 1989 ਤੋਂ ਸੰਸਥਾ ਵੱਲੋਂ ਇੱਥੇ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਵੀ ਦੇਖਿਆ ਜਾ ਰਿਹਾ ਹੈ। ਹੁਣ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ। ਜਿਸ ਦਾ ਉਦਘਾਟਨ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨੀਨੀ ਦੀ 16ਵੀਂ ਵਰੇਗੰਢ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵਲੋਂ ਕੀਤਾ ਜਾਵੇਗਾ। ਇਸ ਦੌਰਾਨ ਤਕਰੀਬਨ 10 ਸੰਸਦ ਮੈਂਬਰਾਂ ਤੋਂ ਇਲਾਵਾ ਭਾਰਤੀ ਮੂਲ ਦੀਆਂ ਕਈ ਮੁੱਖ ਹਸਤੀਆਂ ਅਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਰਹਿਣਗੀਆਂ।
ਭਾਰਤ ਤੋਂ ਸੱਦੇ ਜਾਣਗੇ ਵਿਸ਼ੇਸ਼ ਕਬੱਡੀ ਕੋਚ
ਟੀਪੂਕੀ ਤੋਂ ਵਿਸ਼ੇਸ਼ ਤੌਰ 'ਤੇ ਸਮਾਗਮ 'ਚ ਸ਼ਾਮਲ ਹੋਏ ਕੱਬਡੀ ਪ੍ਰਮੋਟਰ ਗੋਪਾ ਬੈਂਸ ਨੇ ਦੱਸਿਆ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੇ ਹੋਰ ਬੁਰੀ ਨਿਆਮਤਾਂ ਤੋਂ ਬਚਾਈ ਰੱਖਣ ਲਈ ਸੋਸਾਇਟੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਫ਼ੀ ਸ਼ਲਾਘਾਯੋਗ ਹੈ। ਇਸ ਬਹੁਮੰਤਵੀ ਖੇਡ ਸਟੇਡੀਅਮ ਨਾਲ ਨਾ ਸਿਰਫ਼ ਸਿੱਖ ਭਾਈਚਾਰੇ ਦੇ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ, ਸਗੋਂ ਹਰ ਇਕ ਵਰਗ ਦਾ ਨੌਜਵਾਨ ਖੇਡਾਂ ਦੇ ਰਾਹੀਂ ਆਪਣੀ ਮੁਹਾਰਤ ਵਿਖਾ ਸਕੇਗਾ। ਉਨ੍ਹਾਂ ਮੁਤਾਬਕ ਜਦੋਂ ਹੀ ਏਅਰ ਟਰੈਵਲ ਸ਼ੁਰੂ ਹੋਵੇਗਾ ਤਾਂ ਉਹ ਭਾਰਤ ਤੋਂ ਉੱਘੇ ਕਬੱਡੀ ਕੋਚ ਸੱਦ ਕੇ ਸਥਾਨਕ ਨੌਜਵਾਨਾਂ ਨੂੰ ਕਬੱਡੀ ਦੀ ਸਿਖਲਾਈ ਦੇਣਗੇ ਤਾਂ ਜੋ ਖਿਡਾਰੀ ਵੱਡੇ ਪੱਧਰ ਉੱਤੇ ਅੱਗੇ ਜਾ ਸਕਣ।
ਨਿਊਜ਼ੀਲੈਂਡ ‘ਚ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ। ਬੀਤੇ 10 ਸਾਲਾਂ ਤੋਂ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ। 1989 ਤੋਂ ਸੰਸਥਾ ਵੱਲੋਂ ਇੱਥੇ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਵੀ ਦੇਖਿਆ ਜਾ ਰਿਹਾ ਹੈ। ਹੁਣ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ।