ਨਿਊਜ਼ੀਲੈਂਡ ਦੇ ਪੀ. ਐੱਮ. ਇੰਗਲਿਸ਼ ਨੇ ਕਿਹਾ- ਟਰੰਪ ਨਾਲ ਫੋਨ ''ਤੇ ਹੋਈ ਗੱਲਬਾਤ

02/07/2017 4:12:52 PM

ਵੇਲਿੰਗਟਨ— ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ''ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਟਰੰਪ ਦੀ ਯਾਤਰਾ ਅਤੇ ਸ਼ਰਨਾਰਥੀ ਪਾਬੰਦੀ ''ਤੇ ਅਸਹਿਮਤੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਟਰੰਪ ਨਾਲ 15 ਮਿੰਟ ਹੋਈ ਚਰਚਾ ਚੰਗੀ ਰਹੀ, ਜਿਸ ''ਚ ਦੋਹਾਂ ਦੇਸ਼ਾਂ ਦਰਮਿਆਨ ਬਿਹਤਰ ਸੰਬੰਧਾਂ ਦੀ ਪੁਸ਼ਟੀ ਕੀਤੀ ਗਈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਟਰੰਪ ਨੂੰ ਦੱਸਿਆ ਹੈ ਕਿ ਉਹ ਵਿਵਾਦਤ ਯਾਤਰਾ ਪਾਬੰਦੀ ਤੋਂ ਅਸਹਿਮਤ ਹਨ ਪਰ ਇਸ ਨੂੰ ਲੈ ਕੇ ਉਨ੍ਹਾਂ ਨੇ ਟਰੰਪ ਦੀ ਆਲੋਚਨਾ ਨਹੀਂ ਕੀਤੀ। ਇੰਗਲਿਸ਼ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਆਲੋਚਨਾ ਲਈ ਨਹੀਂ ਹਾਂ, ਹਾਲਾਂਕਿ ਬਹੁਤ ਸਾਰੇ ਲੋਕ ਚਾਹੁਣਗੇ ਕਿ ਅਸੀਂ ਅਜਿਹਾ ਕਰੀਏ। 
ਦੱਸਣ ਯੋਗ ਹੈ ਕਿ ਅਮਰੀਰਕਾ ''ਚ ਸ਼ਰਨਾਰਥੀਆਂ ਦੇ ਮੁੜਵਸੇਬੇ ਲਈ ਓਬਾਮਾ ਪ੍ਰਸ਼ਾਸਨ ਅਤੇ ਆਸਟਰੇਲੀਆ ਵਿਚਾਲੇ ਹੋਏ ਇਕ ਸਮਝੌਤੇ ਦੇ ਮੁੱਦੇ ''ਤੇ ਪਿਛਲੇ ਹਫਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁਲ ਅਤੇ ਟਰੰਪ ਦੀ ਗੱਲਬਾਤ ਬੇਹੱਦ ਖਰਾਬ ਰਹੀ ਸੀ। ਟਰੰਪ ਨੇ ਟਵੀਟ ਕਰ ਕੇ ਇਸ ਸਮਝੌਤੇ ਨੂੰ ''ਮੂਰਖਤਾਪੂਰਨ'' ਦੱਸਿਆ ਸੀ। 
ਇੰਗਲਿਸ਼ ਨੇ ਦੱਸਿਆ ਕਿ ਉਨ੍ਹਾਂ ਨੇ ਚੀਨ ਅਤੇ ਉੱਤਰੀ ਕੋਰੀਆ ''ਤੇ ਵੀ ਚਰਚਾ ਕੀਤੀ। ਇੰਗਲਿਸ਼ ਨੇ ਕਿਹਾ, ''ਜ਼ਾਹਰ ਹੈ ਕਿ ਅਮਰੀਕੀ ਰਾਸ਼ਟਰਪਤੀ ਚੀਨ, ਖਾਸ ਕਰ ਕੇ ਉਸ ਦੀ ਕਾਰੋਬਾਰੀ ਨੀਤੀ, ਦੱਖਣੀ ਚੀਨ ਸਾਗਰ ''ਤੇ ਕੁਝ ਵਿਚਾਰ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਟਰੰਪ ਨੇ ਉਨ੍ਹਾਂ ਨੂੰ ਕਿਹਾ ਕਿ ਉੱਤਰੀ ਕੋਰੀਆ ਪਰੇਸ਼ਾਨੀ ਪੈਦਾ ਨਾ ਕਰੇ, ਇਹ ਯਕੀਨੀ ਕਰਨ ਲਈ ਸਾਰੇ ਦੇਸ਼ਾਂ ਦਾ ਇਕੱਠੇ ਮਿਲ ਕੇ ਕੰਮ ਕਰਨਾ ਮਹੱਤਵਪੂਰਨ ਹੈ। ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਦੀ ਮੈਂਬਰੀ ਵਾਲੇ ਖੁਫੀਆ ਜਾਣਕਾਰੀ ਸਾਂਝਾ ਕਰਨ ਦੇ ਪ੍ਰੋਗਰਾਮ ''ਫਾਈਵ ਆਈਜ਼'' ਦਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵੀ ਹਿੱਸਾ ਹਨ। ਵ੍ਹਾਈਟ ਹਾਊਸ ਨੇ ਇਕ ਬਿਆਨ ''ਚ ਕਿਹਾ ਕਿ ਟਰੰਪ ਨੇ ਏਸ਼ੀਆ ਵਿਚ ਅਮਰੀਕਾ ਦੀ ਮਜ਼ਬੂਤ ਅਤੇ ਸਰਗਰਮ ਹਿੱਸੇਦਾਰੀ ਲਈ ਵਚਨਬੱਧਤਾ ਜ਼ਾਹਰ ਕੀਤੀ ਅਤੇ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ''ਚ ਨਿਊਜ਼ੀਲੈਂਡ ਦੇ ਯੋਗਦਾਨ ਲਈ ਉਸ ਦਾ ਧੰਨਵਾਦ ਕੀਤਾ। 

Tanu

News Editor

Related News