ਬਾਈਡੇਨ ਦੇ ਬਿਆਨ 'ਤੇ ਨਿਊਜ਼ੀਲੈਂਡ ਦੇ PM ਨੇ ਜਤਾਈ ਨਾਰਾਜ਼ਗੀ, ਕਿਹਾ-ਸ਼ੀ ਜਿਨਪਿੰਗ 'ਤਾਨਾਸ਼ਾਹ' ਨਹੀਂ
Friday, Jun 23, 2023 - 10:11 AM (IST)
ਆਕਲੈਂਡ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਕਹਿਣਾ ਚੀਨ ਨੂੰ ਪਸੰਦ ਨਹੀਂ ਆਇਆ ਸੀ। ਚੀਨ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਗਲੋਬਲ ਮੰਚ 'ਤੇ ਕੋਈ ਹੋਰ ਦੇਸ਼ ਜਿਨਪਿੰਗ ਦੇ ਸਮਰਥਨ 'ਚ ਨਹੀਂ ਖੜ੍ਹਾ ਹੋਇਆ ਪਰ ਹੁਣ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਨੇ ਜੋਅ ਬਾਈਡੇਨ ਦੀ ਰਾਏ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਕਹਿਣਾ ਸਹੀ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਹ ਜੋਅ ਬਾਈਡੇਨ ਦੀ ਰਾਏ ਨਾਲ ਸਹਿਮਤ ਨਹੀਂ ਹੈ।
ਕ੍ਰਿਸ ਹਿਪਕਿਨਜ਼ 25 ਤੋਂ 30 ਜੂਨ ਤੱਕ ਚੀਨ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਉਹ ਜਿਨਪਿੰਗ ਸਮੇਤ ਚੀਨ ਦੇ ਸਾਰੇ ਵੱਡੇ ਨੇਤਾਵਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਜਦੋਂ ਮੀਡੀਆ ਨੇ ਉਨ੍ਹਾਂ ਨੂੰ ਪੁੱਛਿਆ ਕੀ ਚੀਨ ਦੇ ਲੋਕਾਂ ਦੀ ਉਨ੍ਹਾਂ ਦੀ ਸਰਕਾਰ ਚੁਣਨ ਵਿੱਚ ਕੋਈ ਭੂਮਿਕਾ ਸੀ। ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਜੇਕਰ ਲੋਕ ਆਪਣੇ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਮਸਲਾ ਹੈ। ਕਿਸੇ ਹੋਰ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਕਿਸੇ ਹੋਰ ਦੇਸ਼ ਨੂੰ ਤਾਂ ਬਿਲਕੁੱਲ ਵੀ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਮੋਦੀ ਦੀ ਅਮਰੀਕਾ ਫੇਰੀ ਭਾਰਤ-ਪ੍ਰਸ਼ਾਂਤ ਰਣਨੀਤੀਆਂ ਨੂੰ ਲਾਗੂ ਕਰਨ 'ਚ ਹੋਵੇਗੀ ਮਦਦਗਾਰ : ਦੱਖਣੀ ਕੋਰੀਆ
ਜਦੋਂ ਜੋਅ ਬਾਈਡੇਨ ਨੇ ਚੀਨ ਦੇ ਰਾਸ਼ਟਰਪਤੀ ਨੂੰ ਤਾਨਾਸ਼ਾਹ ਕਿਹਾ ਤਾਂ ਚੀਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਚੀਨ ਨੇ ਕਿਹਾ ਕਿ ਬਾਈਡੇਨ ਦਾ ਬਿਆਨ ਪੂਰੀ ਤਰ੍ਹਾਂ ਗ਼ਲਤ ਅਤੇ ਪੱਧਰਹੀਣ ਹੈ। ਉਨ੍ਹਾਂ ਨੂੰ ਜਿਨਪਿੰਗ ਨੂੰ ਤਾਨਾਸ਼ਾਹ ਨਹੀਂ ਕਹਿਣਾ ਚਾਹੀਦਾ ਸੀ। ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਹੀ ਪੈਦਾ ਹੋਵੇਗੀ। ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਵਿੱਚ ਸਰਕਾਰ ਬਣਾਉਣਾ ਉੱਥੋਂ ਦੇ ਲੋਕਾਂ ਦਾ ਪੂਰੀ ਤਰ੍ਹਾਂ ਅਧਿਕਾਰ ਹੈ। ਅਸੀਂ ਇਸ ਵਿੱਚ ਦਖਲ ਦੇਣ ਵਾਲੇ ਕੋਈ ਨਹੀਂ ਹਾਂ।
ਜ਼ਿਕਰਯੋਗ ਕਿ ਚੀਨ ਅਤੇ ਅਮਰੀਕਾ ਦੇ ਸਬੰਧ ਕਦੇ ਵੀ ਆਮ ਵਾਂਗ ਨਹੀਂ ਰਹੇ। ਭਾਵੇਂ ਉਹ ਡੋਨਾਲਡ ਟਰੰਪ ਹੋਵੇ ਜਾਂ ਮੌਜੂਦਾ ਰਾਸ਼ਟਰਪਤੀ ਬਾਈਡੇਨ। ਚੀਨ ਪ੍ਰਤੀ ਅਮਰੀਕਾ ਦਾ ਰਵੱਈਆ ਹਮੇਸ਼ਾ ਸਖ਼ਤ ਰਿਹਾ ਹੈ। ਚੀਨ ਵੀ ਅਮਰੀਕਾ ਦਾ ਵਿਰੋਧ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਜਦੋਂ ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਤਾਂ ਚੀਨ ਨੇ ਕਦੇ ਵੀ ਵਲਾਦੀਮੀਰ ਪੁਤਿਨ ਦੇ ਕਦਮ ਨੂੰ ਗ਼ਲਤ ਨਹੀਂ ਠਹਿਰਾਇਆ। ਇਹ ਗੱਲ ਅਮਰੀਕਾ ਨੂੰ ਹਮੇਸ਼ਾ ਬੁਰੀ ਲੱਗੀ ਹੈ। ਜੋ ਬਾਈਡੇਨ ਨੇ ਵੀ ਕਈ ਵਾਰ ਕਿਹਾ ਕਿ ਚੀਨ ਨੂੰ ਰੂਸ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਪਰ ਜਿਨਪਿੰਗ ਨੇ ਕਦੇ ਵੀ ਜਨਤਕ ਤੌਰ 'ਤੇ ਰੂਸ ਦੀ ਆਲੋਚਨਾ ਨਹੀਂ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।