ਨਿਊਜ਼ੀਲੈਂਡ ਮਸਜਿਦ ਗੋਲੀਬਾਰੀ ਕੇਸ ਦੀ ਕਵਰੇਜ ਲਈ ਮੀਡੀਆ ਵਲੋਂ ਨਿਯਮ ਤੈਅ
Wednesday, May 01, 2019 - 03:31 PM (IST)

ਵਲਿੰਗਟਨ— ਨਿਊਜ਼ੀਲੈਂਡ ਦੇ ਵੱਡੇ ਮੀਡੀਆ ਸੰਗਠਨਾਂ ਨੇ ਬੁੱਧਵਾਰ ਨੂੰ ਸੰਕਲਪ ਕੀਤਾ ਕਿ ਉਹ ਅਜਿਹੀ ਕੋਈ ਕਵਰੇਜ ਨਹੀਂ ਕਰਨਗੇ ਜਿਸ ਨਾਲ ਕਿ ਕ੍ਰਾਈਸਟਚਰਚ 'ਚ ਮਸਜਿਦਾਂ 'ਤੇ ਹਮਲੇ ਦੇ ਦੋਸ਼ੀ ਨੂੰ ਮੁਕੱਦਮੇ ਦੌਰਾਨ ਕੱਟੜਪੰਥੀ ਵਿਚਾਰਧਾਰਾ ਫੈਲਾਉਣ 'ਚ ਕੋਈ ਮਦਦ ਮਿਲੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਟੈਰੈਂਟ ਨੇ 15 ਮਾਰਚ ਨੂੰ ਨਮਾਜ਼ ਦੌਰਾਨ ਦੋ ਮਸਜਿਦਾਂ 'ਤੇ ਗੋਲੀਬਾਰੀ ਕਰ ਕੇ 50 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 39 ਹੋਰਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਹਮਲਾਵਰ ਨੇ ਹਮਲਾ ਕਰਨ ਤੋਂ ਪਹਿਲਾਂ ਇਕ ਆਨਲਾਈਨ ਐਲਾਨ ਪੱਤਰ ਜਾਰੀ ਕੀਤਾ ਸੀ।
ਦੇਸ਼ ਦੀਆਂ 5 ਸਭ ਤੋਂ ਵੱਡੀਆਂ ਮੀਡੀਆ ਏਜੰਸੀਆਂ ਦਾ ਪ੍ਰਤੀਨਿਧ ਕਰਨ ਵਾਲੀ 'ਦਿ ਨਿਊਜ਼ੀਲੈਂਡ ਮੀਡੀਆ ਫਰੀਡਮ ਕਮੇਟੀ' ਨੇ ਕਿਹਾ ਕਿ ਦੋਸ਼ੀ ਹਮਲਾਵਰ 'ਗੋਰਿਆਂ ਨੂੰ ਪਹਿਲ' ਦੀ ਭਾਵਨਾ ਅਤੇ ਅੱਤਵਾਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਮੁਕੱਦਮੇ ਨੂੰ ਮੰਚ ਦੇ ਰੂਪ 'ਚ ਇਸਤੇਮਾਲ ਕਰ ਸਕਦਾ ਹੈ। ਸੰਪਾਦਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੋਕਣ ਲਈ ਕੁਝ ਦਿਸ਼ਾ-ਨਿਰਦੇਸ਼ ਤੈਅ ਕਰਨ 'ਤੇ ਸਹਿਮਤ ਹੋਏ। ਉਨ੍ਹਾਂ ਨੇ ਸੰਕਲਪ ਲਿਆ ਕਿ ਉਹ ਅਜਿਹੀ ਕੋਈ ਕਵਰੇਜ ਨਹੀਂ ਕਰਨਗੇ ਜਿਸ ਨਾਲ ਕਿ ਦੋਸ਼ੀ ਨੂੰ ਆਪਣੀ ਵਿਚਾਰਧਾਰਾ ਦੇ ਪ੍ਰਸਾਰ 'ਚ ਮਦਦ ਮਿਲੇ। ਜ਼ਿਕਰਯੋਗ ਹੈ ਕਿ ਦੋਸ਼ੀ ਇਸ ਸਮੇਂ ਸਖਤ ਸੁਰੱਖਿਆ 'ਚ ਆਕਲੈਂਡ ਜੇਲ 'ਚ ਬੰਦ ਹੈ। ਅਦਾਲਤ 'ਚ ਉਨ੍ਹਾਂ ਦੀ ਅਗਲੀ ਪੇਸ਼ੀ 14 ਜੂਨ ਨੂੰ ਹੋਵੇਗੀ।