ਨਿਊਜ਼ੀਲੈਂਡ ਮਸਜਿਦ ਹਮਲਾ : ਮੁਲਜ਼ਮ ਦੀ ਹੋਵੇਗੀ ਮਾਨਸਿਕ ਜਾਂਚ

Friday, Apr 05, 2019 - 04:38 PM (IST)

ਨਿਊਜ਼ੀਲੈਂਡ ਮਸਜਿਦ ਹਮਲਾ : ਮੁਲਜ਼ਮ ਦੀ ਹੋਵੇਗੀ ਮਾਨਸਿਕ ਜਾਂਚ

ਵੇਲਿੰਗਟਨ (ਏਜੰਸੀ)- ਪਿਛਲੇ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਹੋਏ ਹਮਲਾ ਕਾਰਨ 50 ਲੋਕਾਂ ਦੀ ਜਾਨ ਲੈਣ ਵਾਲੇ ਵਿਅਕਤੀ ਦੀ ਮਾਨਸਿਕ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹਾਈਕੋਰਟ ਜੱਜ ਕੈਮਰਨ ਮੈਂਡਰ ਨੇ ਕਿਹਾ ਕਿ ਮਾਹਰ ਇਹ ਜਾਂਚ ਕਰਨਗੇ ਕਿ ਮੁਲਜ਼ਮ ਵਿਰੁੱਧ ਮੁਕੱਦਮਾ ਚਲਾਉਣ ਲਈ ਉਹ ਫਿਟ ਹੈ ਜਾਂ ਨਹੀਂ। ਇਸ ਮੁਲਜ਼ਮ 'ਤੇ ਕਤਲ ਦੇ 50 ਮਾਮਲੇ ਅਤੇ ਕਤਲ ਦੀ ਕੋਸ਼ਿਸ਼ ਦੇ 39 ਦੋਸ਼ ਹਨ। ਜੇਲ ਵਿਚ ਬੰਦ ਬ੍ਰੈਂਟਨ ਟੈਰੇਂਟ (28 ਸਾਲ) ਦੀ ਵੀਡੀਓ ਰਾਹੀਂ ਕੋਰਟ ਵਿਚ ਪੇਸ਼ੀ ਹੋਈ, ਜਿਥੇ ਪੀੜਤਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਸ਼ੁੱਕਰਵਾਰ ਨੂੰ ਸਵੇਰੇ ਜੱਜ ਮੈਂਡਰ ਨੇ ਹੁਕਮ ਦਿੱਤੇ ਕਿ ਮੁਲਜ਼ਮ ਦੀ ਦੀਮਾਗੀ ਹਾਲਤ ਨੂੰ ਯਕੀਨੀ ਕਰਨ ਲਈ ਦੋ ਜਾਂਚ ਕੀਤੀਆਂ ਜਾਣਗੀਆਂ। ਇਸਤਗਾਸਾ ਧਿਰ ਨੇ ਕੋਰਟ ਦੀ ਸੁਣਵਾਈ ਨੂੰ ਪੂਰੇ ਧਿਆਨ ਨਾਲ ਸੁਣਿਆ ਪਰ ਕੋਈ ਟਿੱਪਣੀ ਨਹੀਂ ਕੀਤੀ। ਮੁਲਜ਼ਮ ਜੱਜ ਅਤੇ ਵਕੀਲਾਂ ਨੂੰ ਦੇਖ ਸਕਦਾ ਸੀ ਅਤੇ ਕਾਰਵਾਈ ਨੂੰ ਸੁਣ ਸਕਦਾ ਸੀ, ਪਰ ਪਬਲਿਕ ਗੈਲਰੀ ਤੋਂ ਕੈਮਰੇ ਨੂੰ ਹਟਾ ਦਿੱਤਾ ਗਿਆ ਸੀ।

ਮੁਲਜ਼ਮ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 14 ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਇਸ ਨੂੰ ਨਿਊਜ਼ੀਲੈਂਡ ਦਾ ਸਭ ਤੋਂ ਕਾਲਾ ਦਿਨ ਦੱਸਿਆ ਸੀ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਸ ਨੂੰ ਸਭ ਤੋਂ ਵੱਡਾ ਸਮੂਹਿਕ ਕਤਲਕਾਂਡ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੀ ਸੇਮੀ ਆਟੋਮੈਟਿਕ ਅਤੇ ਅਸਾਲਟ ਰਾਈਫਲਾਂ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਹੈ।
 


author

Sunny Mehra

Content Editor

Related News