ਨਿਊਜ਼ੀਲੈਂਡ ''ਚ 51 ਦਿਨ ਬਾਅਦ ਹਟਿਆ ਲਾਕਡਾਊਨ, ਅੱਧੀ ਰਾਤ ਹੇਅਰ ਸਲੂਨ ਪਹੁੰਚ ਗਏ ਲੋਕ
Friday, May 15, 2020 - 10:56 AM (IST)
ਵੈਲਿੰਗਟਨ- ਨਿਊਜ਼ੀਲੈਂਡ ਵਿਚ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਅੱਧੀ ਰਾਤ ਨੂੰ 51 ਦਿਨਾਂ ਤੋਂ ਜਾਰੀ ਲਾਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ 12 ਵੱਜਦੇ ਹੀ ਲੋਕ ਵੈਲਿੰਗਟਨ, ਕ੍ਰਾਈਸਟਚਰਚ ਸਣੇ ਕਈ ਸ਼ਹਿਰਾਂ ਵਿਚ ਹੇਅਰ ਸਲੂਨ 'ਤੇ ਪਹੁੰਚ ਗਏ।
ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਚ ਮਾਲ, ਦੁਕਾਨਾਂ ਤੇ ਰੈਸਤਰਾਂ ਖੋਲ੍ਹੇ ਜਾ ਰਹੇ ਹਨ ਪਰ ਉਹਨਾਂ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ। ਇਕ ਸਥਾਨ 'ਤੇ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠਾ ਹੋਣ 'ਤੇ ਪਾਬੰਦੀ ਲਾਈ ਗਈ ਹੈ। ਪ੍ਰਧਾਨ ਮੰਤਰੀ ਜੇਸਿੰਡਾ ਆਡਰਨ ਦਾ ਕਹਿਣਾ ਹੈ ਕਿ ਵਾਇਰਸ ਦੇ ਕਾਰਣ ਸਭ ਤੋਂ ਵਧੇਰੇ ਚੁਣੌਤੀਪੂਰਨ ਆਰਥਿਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਸਰਦ ਰੁਤ ਬਹੁਤ ਮੁਸ਼ਕਲਾਂ ਭਰੀ ਹੋਣ ਵਾਲੀ ਹੈ ਪਰ ਹਰ ਸਰਦ ਰੁਤ ਤੋਂ ਬਾਅਦ ਬਸੰਤ ਆਉਂਦਾ ਹੈ ਤੇ ਜੇਕਰ ਅਸੀਂ ਸਹੀ ਫੈਸਲਾ ਲੈਂਦੇ ਹਾਂ ਤਾਂ ਅਸੀਂ ਦੇਸ਼ ਦੇ ਨਾਗਰਿਕਾਂ ਨੂੰ ਵਾਪਸ ਕੰਮ 'ਤੇ ਲਿਆ ਸਰਦੇ ਹਾਂ। ਇਕ ਵਾਰ ਮੁੜ ਸਾਡੀ ਅਰਥਵਿਵਸਥਾ ਤੇਜ਼ੀ ਨਾਲ ਰਫਤਾਰ ਫੜੇਗੀ। ਦੱਸ ਦਈਏ ਕਿ ਨਿਊਜ਼ੀਲੈਂਡ ਕੋਰੋਨਾ ਨੂੰ ਕਾਬੂ ਰੱਖਣ ਵਿਚ ਬਹੁਤ ਹੱਦ ਤੱਕ ਸਫਲ ਰਿਹਾ ਹੈ। ਇਥੇ ਕੋਵਿਡ-19 ਦੇ 1497 ਮਾਮਲੇ ਸਾਹਮਣੇ ਆਏ ਜਦਕਿ 21 ਲੋਕਾਂ ਦੀ ਮੌਤ ਹੋਈ।
ਇਸੇ ਤਰ੍ਹਾਂ ਆਸਟਰੇਲੀਆ ਦੇ ਦੂਜੇ ਸਭ ਤੋਂ ਵਧੇਰੇ ਆਬਾਦੀ ਵਾਲੇ ਵਿਕਟੋਰੀਆ ਨੇ ਮੰਗਲਵਾਰ ਨੂੰ ਧਾਰਮਿਕ ਸਮਾਗਮ ਤੇ ਭਾਈਚਾਰਕ ਖੇਡਾਂ 'ਤੇ ਲਾਈਆਂ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਉਥੇ ਹੀ ਫਰਾਂਸ ਵਿਚ ਵੀ ਅੱਠ ਹਫਤੇ ਬਾਅਦ ਸੋਮਵਾਰ ਤੋਂ ਗੈਰ-ਲੋੜੀਂਦੀਆਂ ਚੀਜ਼ਾਂ ਦੀਆਂ ਦੁਕਾਨਾਂ, ਕਾਰਖਾਨੇ ਤੇ ਹੋਰ ਵਪਾਰ ਮੁੜ ਖੁੱਲ੍ਹ ਗਏ।
ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੇ ਮੁਖੀ ਡੈਨੀਅਲ ਐਡ੍ਰਿਊਜ਼ ਨੇ ਕਿਹਾ ਕਿ ਦਿੱਤੀ ਗਈ ਛੋਟ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਕੰਟਰੋਲ ਤੋਂ ਬਾਹਰ ਹੋ ਜਾਈਏ। ਸਾਨੂੰ ਆਪਣੇ ਸਮਝਦਾਰੀ ਨਾਲ ਚੱਲਣਾ ਹੋਵੇਗਾ। ਸਭ ਤੋਂ ਵਧੇਰੇ ਆਬਾਦੀ ਵਾਲੇ ਨਿਊ ਸਾਊਥ ਵੇਲਸ ਤੇ ਕਵੀਨਸਲੈਂਡ ਵਿਚ ਸੋਮਵਾਰ ਤੋਂ ਸਕੂਲਾਂ ਵਿਚ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।