ਨਿਊਜ਼ੀਲੈਂਡ : ਸੁਪਰਮਾਰਕੀਟ ''ਚ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਕਾਰਨ ਪਈ ਭਾਜੜ, 3 ਦੀ ਹਾਲਤ ਨਾਜ਼ੁਕ

Monday, May 10, 2021 - 07:23 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸੁਪਰਮਾਰਕੀਟ ਵਿਚ ਸੋਮਵਾਰ ਨੂੰ ਇਕ ਵਿਅਕਤੀ ਨੇ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਘਟਨਾ ਵਿਚ ਪੰਜ ਲੋਕ ਜ਼ਖਮੀ ਹੋਏ ਹਨ, ਜਿਹਨਾਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ।ਪੁਲਸ ਨੇ ਦੱਸਿਆ ਕਿ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਡੁਨਿਡਨ ਸ਼ਹਿਰ ਦੇ ਕਾਊਂਟਡਾਊਨ ਸੁਪਰਮਾਰਕੀਟ ਵਿਚ ਘਟਨਾ ਦੇ ਬਾਅਦ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਜ਼ਖਮੀਆਂ ਵਿਚ ਸੁਪਰਮਾਰਕੀਟ ਦੇ ਦੋ ਕਰਮਚਾਰੀ ਵੀ ਸ਼ਾਮਲ ਹਨ। ਘਟਨਾ ਦੇ ਸਮੇਂ ਸੁਪਰਮਾਰਕੀਟ ਵਿਚ ਮੌਜੂਦ ਲੋਕਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਸਮੇਂ ਲੋਕ ਮਦਦ ਲਈ ਚੀਕ ਰਹੇ ਸਨ ਅਤੇ ਬਾਹਰ ਵੱਲ ਭੱਜ ਰਹੇ ਸਨ। ਉਹਨਾਂ ਨੇ ਦੱਸਿਆ ਕਿ ਕੁਝ ਹਿੰਮਤੀ ਦੁਕਾਨਦਾਰਾਂ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ।

PunjabKesari

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਹਮਲੇ ਦੇ ਇਰਾਦੇ ਦਾ ਪਤਾ ਲਗਾਇਆ ਜਾ ਰਿਹਾ ਹੈ। ਭਾਵੇਂਕਿ ਇਸ ਨੂੰ ਘਰੇਲੂ ਅੱਤਵਾਦ ਦੱਸਣ ਲਈ ਪੁਲਸ ਕੋਲ ਕੋਈ ਸਬੂਤ ਨਹੀਂ ਹੈ। ਅਰਡਰਨ ਨੇ ਕਿਹਾ,''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਜਿਹੇ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ ਅਤੇ ਮੈਂ ਉਹਨਾਂ ਲੋਕਾਂ ਦੀ ਤਾਰੀਫ ਕਰਨਾ ਚਾਹੁੰਦੀ ਹਾਂ ਜਿਹਨਾਂ ਨੇ ਲੋਕਾਂ ਦੀ ਸੁਰੱਖਿਆ ਲਈ ਹਿੰਮਤ ਦਿਖਾਉਂਦੇ ਹੋਏ ਹਮਲਾਵਰ ਨੂੰ ਕਾਬੂ ਕਰ ਲਿਆ।'' ਅਰਡਰਨ ਨੇ ਕਿਹਾ ਕਿ 5 ਲੋਕਾਂ ਨੂੰ ਡੁਨੇਡਿਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਤਿੰਨ ਨੂੰ ਆਈ.ਸੀ.ਯੂ. ਵਿਚ ਦਾਖਲ ਕੀਤਾ ਗਿਆ ਹੈ, ਚੌਥੇ ਵਿਅਕਤੀ ਨੂੰ ਸਧਾਰਨ ਵਾਰਡ ਵਿਚ ਰੱਖਿਆ ਗਿਆ ਹੈ ਅਤੇ ਪੰਜਵੇਂ ਵਿਅਕਤੀ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਇਕ ਵਿਅਕਤੀ ਨੇ 3 ਗੁਆਂਢੀਆਂ ਦਾ ਕੀਤਾ ਕਤਲ, ਲਾਈ ਘਰ ਨੂੰ ਅੱਗ

ਕਾਊਂਟਡਾਊਨ ਸੁਪਰਮਾਰਕੀਟ ਨੇ ਇਕ ਬਿਆਨ ਵਿਚ ਕਿਹਾ,''ਅੱਜ ਦੁਪਹਿਰ ਡੁਨੇਡਿਨ ਸੈਂਟਰਲ ਸਟੋਰ ਵਿਚ ਵਾਪਰੀ ਘਟਨਾ ਤੋਂ ਅਸੀਂ ਹੈਰਾਨ ਅਤੇ ਚਿੰਤਤ ਹਾਂ। ਸਾਡੀ ਤਰਜੀਹ ਹਾਲੇ ਆਪਣੀ ਟੀਮ ਦੇ ਜ਼ਖਮੀ ਮੈਂਬਰ ਅਤੇ ਘਟਨਾ ਦੇ ਮੱਦੇਨਜ਼ਰ ਆਪਣੀ ਵਿਸ਼ਾਲ ਟੀਮ ਦੇ ਮੈਂਬਰਾਂ ਦੀ ਦੇਖਭਾਲ ਕਰਨਾ ਹੈ। ਸਾਨੂੰ ਬਹੁਤ ਅਫਸੋਸ ਹੈ ਕਿ ਸਾਡੀ ਟੀਮ ਦੇ ਮੈਂਬਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵਿਚ ਕੁਝ ਗਾਹਕ ਵੀ ਜ਼ਖਮੀ ਹੋ ਗਏ ਹਨ।'' ਪੁਲਸ ਨੇ ਕਿਹਾ ਕਿ ਉਹ ਸੋਮਵਾਰ ਨੂੰ ਘਟਨਾ ਦੇ ਬਾਰੇ ਵਿਚ ਹੋਰ ਜਾਣਕਾਰੀ ਸਾਂਝੀ ਕਰਨਗੇ। 

ਨੋਟ- ਨਿਊਜ਼ੀਲੈਂਡ : ਸ਼ਖਸ ਨੇ ਲੋਕਾਂ 'ਤੇ ਚਾਕੂ ਨਾਲ ਕੀਤਾ ਹਮਲਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News