ਨਿਊਜ਼ੀਲੈਂਡ ਨੇ ਸੈਮੀ-ਆਟੋਮੈਟਿਕ ਰਾਈਫਲਾਂ ਦੀ ਵਿਕਰੀ ''ਤੇ ਲਗਾਈ ਪਾਬੰਦੀ
Thursday, Mar 21, 2019 - 09:31 AM (IST)

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਵੀਰਵਾਰ ਨੂੰ ਦੱਸਿਆ ਕਿ ਕ੍ਰਾਈਸਟਚਰਚ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਦੇਸ਼ ਵਿਚ ਅਸਾਲਟ ਰਾਈਫਲਾਂ ਅਤੇ ਸੈਮੀ-ਆਟੋਮੈਟਿਕ (ਅੱਧੀਆਂ-ਆਟੋਮੈਟਿਕ) ਹਥਿਆਰਾਂ ਦੀ ਵਿਕਰੀ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ। ਅਰਡਰਨ ਨੇ ਕਿਹਾ,''ਮੈਂ ਇਹ ਐਲਾਨ ਕਰ ਰਹੀ ਹਾਂ ਕਿ ਨਿਊਜ਼ੀਲੈਂਡ ਵਿਚ ਸਾਰੀਆਂ ਸੈਮੀ-ਆਟੋਮੈਟਿਕ ਹਥਿਆਰਾਂ ਦੀ ਵਿਕਰੀ 'ਤੇ ਰੋਕ ਹੋਵੇਗੀ। ਅਸੀਂ ਸਾਰੇ ਅਸਾਲਟ ਰਾਈਫਲਾਂ 'ਤੇ ਵੀ ਪਾਬੰਦੀ ਲਗਾਉਂਦੇ ਹਾਂ।''
ਪੀ.ਐੱਮ. ਅਰਡਰਨ ਨੇ ਕਿਹਾ,''ਉੱਚ ਸਮਰੱਥਾ ਵਾਲੀ ਮੈਗਜ਼ੀਨ ਅਤੇ ਰਾਈਫਲ ਨਾਲ ਕੀਤੀ ਜਾਣ ਵਾਲੀ ਗੋਲੀਬਾਰੀ ਨੂੰ ਤੇਜ਼ ਬਣਾਉਣ ਵਾਲੇ ਸਾਰੇ ਡਿਵਾਈਸ ਵੇਚਣ 'ਤੇ ਵੀ ਪਾਬੰਦੀ ਹੋਵੇਗੀ। ਘੱਟ ਸ਼ਬਦਾਂ ਵਿਚ ਇਹ ਕਹਿ ਸਕਦੀ ਹਾਂ ਕਿ ਬੀਤੇ ਸ਼ੁੱਕਰਵਾਰ ਨੂੰ ਅੱਤਵਾਦੀ ਹਮਲੇ ਵਿਚ ਵਰਤੇ ਗਏ ਹਰੇਕ ਸੈਮੀ-ਆਟੋਮੈਟਿਕ ਹਥਿਆਰ 'ਤੇ ਹੁਣ ਪਾਬੰਦੀ ਰਹੇਗੀ।'' ਗੌਰਤਲਬ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਦੋ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਹੋਈ ਗੋਲੀਬਾਰੀ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੰਨੇ ਹੀ ਲੋਕ ਜ਼ਖਮੀ ਹੋਏ ਸਨ। ਹਮਲਾਵਾਰ ਆਸਟ੍ਰੇਲੀਆਈ ਨਾਗਰਿਕ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।