102 ਦਿਨਾਂ ਦੇ ਬਾਅਦ ਨਿਊਜ਼ੀਲੈਂਡ ''ਚ ਕੋਵਿਡ-19 ਦਾ ਨਵਾਂ ਮਾਮਲਾ ਦਰਜ
Tuesday, Aug 11, 2020 - 01:31 PM (IST)
ਵੈਲਿੰਗਟਨ (ਭਾਸ਼ਾ) ਨਿਊਜ਼ੀਲੈਂਡ ਵਿਚ ਮੰਗਲਵਾਰ ਨੂੰ ਕੋਵਿਡ-19 ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ। ਸਿਹਤ ਮੰਤਰਾਲੇ ਦੇ ਮੁਤਾਬਕ ਇਸ ਸਮੇਂ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 22 ਹੈ, ਜੋ ਆਈਸੋਲੇਸ਼ਨ ਜਾਂ ਕੁਆਰੰਟੀਨ ਸਹੂਲਤਾਂ ਵਿਚ ਰਹਿ ਰਹੇ ਹਨ।ਮੰਤਰਾਲੇ ਦੇ ਮੁਤਾਬਕ, ਕੋਵਿਡ-19 ਦਾ ਆਖਰੀ ਮਾਮਲਾ ਸਥਾਨਕ ਤੌਰ 'ਤੇ ਕਿਸੇ ਅਣਪਛਾਤੇ ਸਰੋਤ ਤੋਂ ਹਾਸਲ ਕੀਤੇ ਜਾਣ ਤੋਂ 102 ਦਿਨ ਹੋ ਗਏ ਹਨ।
ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਮੰਗਲਵਾਰ ਦਾ ਮਾਮਲਾ 20 ਸਾਲਾ ਇਕ ਵਿਅਕਤੀ ਦਾ ਸੀ, ਜੋ 30 ਜੁਲਾਈ ਨੂੰ ਆਸਟ੍ਰੇਲੀਆ ਦੇ ਮੈਲਬਰਨ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ।ਬਲੂਮਫੀਲਡ ਨੇ ਕਿਹਾ,"ਉਹ ਗ੍ਰੈਂਡ ਮਿਲਿਨੀਅਮ ਵਿਚ ਇਕਾਂਤਵਾਸ ਵਿਚ ਰਿਹਾ ਅਤੇ ਉਸ ਦੇ ਠਹਿਰਨ ਦੇ ਤਿੰਨ ਦਿਨ ਵਿਚ ਕੋਵਿਡ-19 ਲਈ ਨਕਾਰਾਤਮਕ ਟੈਸਟ ਕੀਤਾ ਗਿਆ ਸੀ। ਉਹ ਆਪਣੇ ਠਹਿਰਨ ਦੇ 12ਵੇਂ ਦਿਨ ਦੇ ਕਰੀਬ ਪਾਜ਼ੇਟਿਵ ਪਾਇਆ ਗਿਆ ਅਤੇ ਉਸ ਨੂੰ ਆਕਲੈਂਡ ਕੁਆਰੰਟੀਨ ਸਹੂਲਤ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ।"
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਨੇ 14 ਤਰ੍ਹਾਂ ਦੇ ਮਾਸਕਾਂ ਦੀ ਕੀਤੀ ਜਾਂਚ, ਦੱਸਿਆ ਕਿਹੜੇ ਖ਼ਤਰਨਾਕ
ਇਸ ਮਾਮਲੇ ਨਾਲ ਨਿਊਜ਼ੀਲੈਂਡ ਦੇ ਕੋਵਿਡ-19 ਦੇ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1,220 ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਪੱਧਰੀ ਦੇਖਭਾਲ ਨਹੀਂ ਮਿਲ ਰਹੀ। ਬਲੂਮਫੀਲਡ ਨੇ ਫਰੰਟ-ਲਾਈਨ ਸੇਵਾਵਾਂ ਦਾ ਧੰਨਵਾਦ ਕੀਤਾ ਜੋ ਚੁਣੌਤੀਪੂਰਨ ਸਥਿਤੀਆਂ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰਾਲਾ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀ ਯੋਜਨਾ ਬਣਾ ਰਿਹਾ ਹੈ। ਭਾਵੇਂਕਿ ਅਜੇ ਵੀ ਮਹੱਤਵਪੂਰਨ ਅਨਿਸ਼ਚਿਤਤਾ ਹੈ ਕਿ ਕੋਵਿਡ-19 ਦੀ ਸੰਭਾਵਿਤ ਟੀਕਾ ਕੀ ਹੋ ਸਕਦੀ ਹੈ ਅਤੇ ਇਸ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇਗਾ। ਫਿਲਹਾਲ ਦੇਸ਼ ਦੀ ਟੀਕਾਕਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਟੀਕਿਆਂ ਦੀ ਮੰਗ ਵਿਚ ਤੇਜ਼ੀ ਨਾਲ ਬਦਲਾਅ ਕਰਨ ਦੇ ਤਾਜ਼ਾ ਤਜਰਬਿਆਂ ਤੋਂ ਸਬਕ ਸਿੱਖਣ ਲਈ ਕੰਮ ਚੱਲ ਰਿਹਾ ਹੈ।