ਆਨਲਾਈਨ ਅੱਤਵਾਦੀ ਸਮੱਗਰੀ ਰੋਕਣ ਲਈ ਨਿਊਜ਼ੀਲੈਂਡ ਦੀ ਪੀ.ਐੱਮ. ਨੇ ਕੀਤੀ ਖਾਸ ਪਹਿਲ

10/14/2019 3:06:04 PM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਹਿੰਸਕ ਅੱਤਵਾਦੀ ਸਮੱਗਰੀ ਨੂੰ ਆਨਲਾਈਨ ਫੈਲਣ ਤੋਂ ਰੋਕਣ ਲਈ ਜ਼ਿਆਦਾ ਧਨ ਅਤੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਦੇ ਕੁਝ ਹੀ ਮਹੀਨਿਆਂ ਪਹਿਲਾਂ ਇਕ ਕਥਿਤ ਗੋਰੇ ਵਿਅਕਤੀ ਨੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਅਜਿਹੀ ਹੀ ਹਿੰਸਕ ਅੱਤਵਾਦੀ ਸਮੱਗਰੀ ਤੋਂ ਪ੍ਰੇਰਿਤ ਹੋ ਕੇ ਕਤਲੇਆਮ ਕੀਤਾ ਸੀ। ਜ਼ਿਕਰਯੋਗ ਹੈ ਕਿ ਦੋ ਮਸਜਿਦਾਂ ਵਿਚ 15 ਮਾਰਚ ਨੂੰ ਕੀਤੇ ਗਏ ਹਮਲੇ ਵਿਚ 51 ਮੁਸਲਿਮਾਂ ਦੀ ਮੌਤ ਹੋ ਗਈ ਸੀ। ਹਮਲਾਵਰ ਨੇ ਫੇਸਬੁੱਕ 'ਤੇ ਇਸ ਘਟਨਾ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਸੀ।

ਜੈਸਿੰਡਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਰ ਸਾਲ ਵਿਚ 10.73 ਮਿਲੀਅਨ ਡਾਲਰ ਤੋਂ ਵੱਧ ਨਿਵੇਸ਼ ਕਰ ਰਹੀ ਸੀ ਤਾਂ ਜੋ ਅੱਤਵਾਦੀ ਅਤੇ ਹਿੰਸਕ ਅੱਤਵਾਦੀ ਸਮੱਗਰੀ ਨੂੰ ਜਲਦੀ ਲੱਭਣ ਅਤੇ ਉਸ ਨੂੰ ਫੈਲਣ ਤੋਂ ਰੋਕਣ ਦੀ ਨਿਊਜ਼ੀਲੈਂਡ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਇਕ ਪੱਤਰਕਾਰ ਸੰਮੇਲਨ ਵਿਚ ਜੈਸਿੰਡਾ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਨਾਲ ਗ੍ਰਹਿ ਮੰਤਰਾਲੇ ਦੇ ਫੌਰੇਂਸਿਕ, ਇਟੈਂਲੀਜੈਂਸ ਦੇ ਜਾਂਚ ਕਰਨ ਅਤੇ ਰੋਕਥਾਮ ਦੇ ਕੰਮ ਕਰਨ ਦੀ ਸਮਰੱਥਾ ਦੁੱਗਣੀ ਹੋ ਜਾਵੇਗੀ।

ਜੈਸਿੰਡਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕੰਮ ਲਈ 17 ਲੋਕਾਂ ਦੀ ਇਕ ਨਵੀਂ ਟੀਮ ਬਣਾਈ ਜਾਵੇਗੀ, ਜੋ ਆਨਲਾਈਨ ਫੈਲਣ ਵਾਲੀ ਹਿੰਸਕ ਅੱਤਵਾਦੀ ਸਮੱਗਰੀ ਨਾਲ ਨਜਿੱਠਣ ਲਈ ਸਮਰਪਿਤ ਹੋਵੇਗੀ। ਨਵੇਂ ਵਿਭਾਗ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਇਸ ਤਰ੍ਹਾਂ ਦੇ ਕੰਮ ਵਿਚ ਸ਼ਾਮਲ ਲੋਕਾਂ ਦੀ ਜਾਂਚ ਕਰ ਸਕੇ ਅਤੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾ ਸਕੇ। ਇਸ ਲਈ ਉਹ ਅੰਤਰਰਾਸ਼ਟਰੀ ਅਤੇ ਘਰੇਲੂ ਹਿੱਸੇਦਾਰਾਂ ਦੇ ਨਾਲ ਮਿਲ ਕੇ ਸਰਗਰਮ ਖੋਜ ਕਰ ਸਕਣਗੇ। 

ਜੈਸਿੰਡਾ ਨੇ ਅੱਗੇ ਕਿਹਾ,''ਸਾਡੀ ਆਨਲਾਈਨ ਦੁਨੀਆ ਚੰਗੇ ਕੰਮਾਂ ਲਈ ਇਕ ਤਾਕਤ ਹੋਣੀ ਚਾਹੀਦੀ ਹੈ, ਜਿੱਥੇ ਅਸੀਂ ਵਿਚਾਰਾਂ ਨੂੰ ਸਾਂਝਾ ਕਰ ਸਕਦੇ ਹਾਂ। ਤਕਨਾਲੋਜੀ ਸਾਂਝੀ ਕਰ ਸਕਦੇ ਹਾਂ ਅਤੇ ਨਿਊਜ਼ੀਲੈਂਡ ਦੇ ਵਸਨੀਕਾਂ ਨੂੰ ਇਤਰਾਜ਼ਯੋਗ ਸਮੱਗਰੀ ਤੋਂ ਬਚਾ ਸਕਦੇ ਹਾਂ।'' ਉਨ੍ਹਾਂ ਨੇ ਇਹ ਵੀ ਕਿਹਾ ਕਿ 15 ਮਾਰਚ ਦੇ ਅੱਤਵਾਦੀ ਹਮਲੇ ਦੇ ਬਾਅਦ ਹਿੰਸਕ ਆਨਲਾਈਨ ਅੱਤਵਾਦ ਦਾ ਮੁਕਾਬਲਾ ਕਰਨਾ ਸਾਡੀ ਪ੍ਰਤੀਕਿਰਿਆ ਦੇ ਰੂਪ ਵਿਚ ਇਕ ਮਹੱਤਪੂਰਨ ਹਿੱਸਾ ਹੈ।


Vandana

Content Editor

Related News