ਨਿਊਜ਼ੀਲੈਂਡ ਦੇ ਫ਼ੈਸਲੇ ''ਫਾਈਵ ਆਈਜ਼ ਅਲਾਇੰਸ'' ਲਈ ਬਣੇ ਚਿੰਤਾ ਦਾ ਵਿਸ਼ਾ
Tuesday, Apr 20, 2021 - 05:02 PM (IST)
ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਸਰਕਾਰ ਵੱਲੋਂ ਲਏ ਗਏ ਕੁਝ ਫ਼ੈਸਲਿਆਂ ਨਾਲ ਇਕ ਸਵਾਲ ਖੜ੍ਹਾ ਹੋਇਆ ਹੈ। ਮਤਲਬ ਕਿਤੇ ਉਹ ਖੁਦ ਨੂੰ ਅਮਰੀਕੀ ਕੈਂਪ ਤੋਂ ਦੂਰ ਤਾਂ ਨਹੀਂ ਕਰਨਾ ਚਾਹੁੰਦਾ। ਸੋਮਵਾਰ ਨੂੰ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਿਯਾ ਮਾਹੁਟਾ ਨੇ ਦੋ ਟੂਕ ਕਿਹਾ ਕਿ ਉਹਨਾਂ ਦਾ ਦੇਸ਼ ਫਾਈਵ ਆਈਜ਼ ਇੰਟੈਂਲੀਜੈਂਸ ਸ਼ੇਅਰਿੰਗ ਅਲਾਇੰਸ (ਖੁਫੀਆ ਸੂਚਨਾਵਾਂ ਦਾ ਲੈਣ-ਦੇਣ ਕਰਨ ਵਾਲੇ ਪੰਜ ਦੇਸ਼ਾਂ ਦੇ ਗਠਜੋੜ) ਦੀ ਵਿਦੇਸ਼ ਨੀਤੀ ਨੂੰ ਨਿਰਦੇਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਤੋਂ ਅਸਹਿਜ ਹੈ। ਇੱਥੇ ਦੱਸ ਦਈਏ ਕਿ ਫਾਈਵ ਆਈਜ਼ ਸ਼ੇਅਰਿੰਗ ਅਲਾਇੰਸ ਦੂਜੇ ਵਿਸ਼ਵ ਯੁੱਧ ਦੇ ਬਾਅਦ ਬਣਿਆ ਸੀ। ਇਸ ਵਿਚ ਨਿਊਜ਼ੀਲੈਂਡ ਦੇ ਇਲਾਵਾ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਸ਼ਾਮਲ ਹਨ। ਇਹ ਦੇਸ਼ ਇਸ ਅਲਾਇੰਸ ਦੇ ਤਹਿਤ ਖੁਫੀਆ ਸੂਚਨਾਵਾਂ ਆਪਸ ਵਿਚ ਸਾਂਝੀਆਂ ਕਰਦੇ ਹਨ।
ਅਲਾਇੰਸ ਨੇ ਹਾਲ ਹੀ ਦੇ ਮਹੀਨਿਆਂ ਵਿਚ ਚੀਨ ਨਾਲ ਸਬੰਧਤ ਕਈ ਮਾਮਲਿਆਂ ਵਿਚ ਬਿਆਨ ਜਾਰੀ ਕੀਤੇ ਹਨ। ਉਹਨਾਂ ਵਿਚ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਹਾਂਗਕਾਂਗ ਮਾਮਲਾ ਵੀ ਸ਼ਾਮਲ ਹੈ। ਸੋਮਵਾਰ ਨੂੰ ਨਿਊਜ਼ੀਲੈਂਡ-ਚੀਨ ਕੌਂਸਲ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਮਾਹੁਟਾ ਨੇ ਕਿਹਾ,''ਅਸੀਂ ਫਾਈਵ ਆਈਜ਼ ਸ਼ੇਅਰਿੰਗ ਅਲਾਇੰਸ ਦੇ ਸਾਥੀਆਂ ਦੇ ਸਾਹਮਣੇ ਇਹ ਕਿਹਾ ਹੈ ਕਿ ਇਸ ਗਠਜੋੜ ਦੇ ਸੰਬੰਧਾਂ ਦਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਤੋਂ ਅਸੀ ਅਸਹਿਜ ਹਾਂ। ਇਸ ਦੇ ਬਦਲੇ ਅਸੀਂ ਵਿਭਿੰਨ ਮੁੱਦਿਆਂ 'ਤੇ ਅਸੀਂ ਆਪਣੇ ਹਿੱਤਾਂ ਨੂੰ ਜ਼ਾਹਰ ਕਰਨ ਦੇ ਬਹੁਪੱਖੀ ਮੌਕਿਆਂ ਦੀ ਤਲਾਸ਼ ਕਰਾਂਗੇ।''
ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਦਾਅਵਾ, ਅਗਲੇ 50 ਸਾਲਾਂ 'ਚ ਨਿਊਜ਼ੀਲੈਂਡ 'ਚ ਆ ਸਕਦੈ ਵੱਡੀ ਤਬਾਹੀ ਵਾਲਾ ਭੂਚਾਲ
ਚੀਨ ਅਤੇ ਨਿਊਜ਼ੀਲੈਂਡ ਵਪਾਰਕ ਹਿੱਸੇਦਾਰ
ਚੀਨ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਦੋਹਾਂ ਦੇਸ਼ਾਂ ਵਿਚ ਸਲਾਨਾ ਵਪਾਰ 29.5 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ। ਉੱਧਰ ਚੀਨ ਨੇ ਹਾਲ ਹੀ ਵਿਚ ਫਾਈਵ ਆਈਜ਼ ਗਠਜੋੜ ਦੀ ਸਖ਼ਤ ਆਲੋਚਨਾ ਕੀਤੀ ਹੈ। ਸ਼ਿਨਜਿਆਂਗ ਮਾਮਲੇ ਵਿਚ ਉਸ ਦੇ ਬਿਆਨ ਦੇ ਬਾਅਦ ਚੀਨ ਨੇ ਕਿਹਾ ਸੀ ਕਿ ਫਾਈਵ ਆਈਜ਼ ਵਿਚ ਸ਼ਾਮਲ ਦੇਸ਼ ਚੀਨ ਖ਼ਿਲਾਫ਼ ਗੁਟਬੰਦੀ ਕਰ ਰਹੇ ਹਨ ਪਰ ਹਾਲ ਹੀ ਵਿਚ ਨਿਊਜ਼ੀਲੈਂਡ ਨੇ ਲਗਾਤਾਰ ਇਸ ਗਠਜੋੜ ਤੋਂ ਦੂਰੀ ਬਣਾਉਣ ਦੇ ਸੰਕੇਤ ਦਿੱਤੇ ਹਨ। ਪਿਛਲੇ ਸਾਲ ਜਨਵਰੀ ਵਿਚ ਜਦੋਂ ਫਾਈਵ ਆਈਜ਼ ਨੇ ਹਾਂਗਕਾਂਗ ਵਿਚ ਗ੍ਰਿਫ਼ਤਾਰੀਆਂ ਦੇ ਮਾਮਲੇ ਵਿਚ ਬਿਆਨ ਜਾਰੀ ਕੀਤ ਤਾਂ ਉਸ 'ਤੇ ਨਿਊਜ਼ੀਲੈਂਡ ਨੇ ਦਸਤਖ਼ਤ ਨਹੀਂ ਕੀਤੇ। ਉਸ ਮਗਰੋਂ ਮਾਰਚ ਵਿਚ ਚੀਨ ਅਤੇ ਨਿਊਜ਼ੀਲੈਂਡ ਨੇ ਆਪਣੇ ਵਿਚਾਲੇ ਮੌਜੂਦ ਮੁਕਤ ਵਪਾਰ ਸਮਝੌਤੇ ਦਾ ਦਰਜਾ ਵਧਾਉਣ ਦਾ ਫ਼ੈਸਲਾ ਕੀਤਾ।
ਫਾਈਵ ਆਈਜ਼ ਗਠਜੋੜ ਤੋਂ ਨਿਊਜ਼ੀਲੈਂਡ ਦੀ ਬਣ ਰਹੀ ਦੂਰੀ ਦਾ ਸਾਫ ਸੰਕੇਤ ਪਿਛਲੇ ਮਹੀਨੇ ਵੀ ਮਿਲਿਆ ਸੀ ਜਦੋਂ ਉਸ ਨੇ ਇਸ ਗਠਜੋੜ ਅਤੇ ਹੋਰ ਦੇਸ਼ਾਂ ਦੇ ਉਸ ਬਿਆਨ 'ਤੇ ਦਸਤਖ਼ਤ ਕਰਨ ਤੋਂ ਮਨਾ ਕਰ ਦਿੱਤਾ ਜਿਸ ਵਿਚ ਕੋਵਿਡ-19 ਮਹਾਮਾਰੀ ਦੀ ਉਤਪੱਤੀ ਸੰਬੰਧੀ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੀ ਆਲੋਚਨਾ ਕੀਤੀ ਗਈ ਸੀ। ਇਹਨਾਂ ਕਦਮਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਸਰਕਾਰ ਦੀ ਦੇਸ਼ ਦੇ ਅੰਦਰ ਉਹਨਾਂ ਦੇ ਕੰਜ਼ਰਵੇਟਿਵ ਵਿਰੋਧੀਆਂ ਨੇ ਆਲੋਚਨਾ ਕੀਤੀ ਹੈ। ਉਹਨਾਂ ਨੇ ਜੈਸਿੰਡਾ ਸਰਕਾਰ 'ਤੇ ਫਾਈਵ ਆਈਜ਼ ਦੀ ਇਕਜੁੱਟਤਾ ਤੋੜਨ ਦਾ ਦੋਸ਼ ਲਗਾਇਆ ਹੈ ਪਰ ਮਾਹੂਟਾ ਨੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਕੂਟਨੀਤੀ ਅਤੇ ਵਾਰਤਾ ਜ਼ਰੀਏ ਇਕ ਸਥਿਰ ਨੀਤੀ ਅਪਨਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਨੇ ਟੀ.ਐੱਲ.ਪੀ. ਨੇਤਾ ਸਾਦ ਰਿਜ਼ਵੀ ਨੂੰ ਕੀਤਾ ਰਿਹਾਅ
ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਜਿਹੇ ਮਾਮਲਿਆਂ ਨੂੰ ਨਿਰੰਤਰਤਾ ਦੇ ਨਾਲ ਦੇਸ਼ ਨਾਲ ਜੁੜੇ ਸਵਾਲਾਂ ਦੇ ਬਾਰੇ ਵਿਚ ਦੇਖਿਆ ਜਾਣਾ ਚਾਹੀਦਾ ਹੈ। ਕਝ ਸਮਾਂ ਅਜਿਹਾ ਅਸੀਂ ਉਹਨਾਂ ਦੇਸ਼ਾਂ ਨਾਲ ਮਿਲ ਕੇ ਕਰਦੇ ਹਾਂ ਜਿਹਨਾਂ ਨਾਲ ਸਾਡਾ ਵਿਚਾਰ ਮਿਲਦਾ ਹੈ ਅਤੇ ਕਦੇ ਅਸੀਂ ਅਜਿਹਾ ਇਕੱਲਾ ਕਰਦੇ ਹਾਂ।ਨਿਰੀਖਕਾਂ ਅਨੁਸਾਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਮਾਹੂਟਾ ਨੇ ਇਹ ਬਿਆਨ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਇਨੇ ਦੀ ਨਿਊਜ਼ੀਲੈਂਡ ਯਾਤਰਾ ਤੋਂ ਠੀਕ ਪਹਿਲਾਂ ਦਿੱਤਾ ਹੈ। ਪਾਇਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਆਉਣਗੇ ਜਿੱਥੇ ਉਹਨਾਂ ਦੀ ਮਾਹੂਟਾ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨਾਲ ਮੁਲਾਕਾਤ ਹੋਵੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।