ਨਿਊਯਾਰਕ ਪੁਲਸ ਨੇ ਬੰਦ ਕਰਵਾਈ 400 ਲੋਕਾਂ ਦੀ ਗੈਰ-ਕਾਨੂੰਨੀ ਹੈਲੋਵੀਨ ਪਾਰਟੀ

Monday, Nov 02, 2020 - 11:06 AM (IST)

ਨਿਊਯਾਰਕ ਪੁਲਸ ਨੇ ਬੰਦ ਕਰਵਾਈ 400 ਲੋਕਾਂ ਦੀ ਗੈਰ-ਕਾਨੂੰਨੀ ਹੈਲੋਵੀਨ ਪਾਰਟੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਇਸ ਸਮੇਂ ਕੋਰੋਨਾ ਵਾਇਰਸ ਆਪਣਾ ਪ੍ਰਕੋਪ ਦਿਖਾ ਰਿਹਾ ਹੈ, ਜਿਸ ਕਰਕੇ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਸਰਕਾਰ ਵਲੋਂ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਬਹੁਤ ਸਾਰੇ ਨਿਯਮ ਅਤੇ ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਚਿਹਰੇ ਨੂੰ ਮਾਸਕ ਨਾਲ ਢੱਕਣਾ ਅਤੇ ਸਮੂਹਕ ਇਕੱਠ ਨਾ ਕਰਨਾ ਪ੍ਰਮੁੱਖ ਹਨ ਪਰ ਕਈ ਬੇਪਰਵਾਹ ਲੋਕ ਇਨ੍ਹਾਂ ਨਿਯਮਾਂ ਨੂੰ ਟਿੱਚ ਜਾਣਦੇ ਹਨ। ਅਜਿਹਾ ਹੀ ਇਕ ਮਾਮਲਾ ਨਿਊਯਾਰਕ ਵਿਚ ਸਾਹਮਣੇ ਆਇਆ ਹੈ, ਜਿੱਥੇ ਲਗਭਗ 400 ਦੇ ਕਰੀਬ ਲੋਕ ਇਕੱਠੇ ਹੋ ਕੇ ਪਾਰਟੀ ਕਰ ਰਹੇ ਸਨ।

ਨਿਊਯਾਰਕ ਸਿਟੀ ਵਿਚ ਸ਼ੈਰਿਫ ਦਫਤਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ 387 ਤੋਂ ਵੱਧ ਲੋਕਾਂ ਦੀ ਇਕ ਗੈਰ ਕਾਨੂੰਨੀ ਹੈਲੋਵੀਨ ਪਾਰਟੀ ਬੰਦ ਕਰਵਾਈ ਜਿਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੱਡੇ ਇਕੱਠਾਂ 'ਤੇ ਰੋਕ ਲਗਾਉਣ ਦੇ ਐਮਰਜੈਂਸੀ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਪੁਲਸ ਨੇ ਬਰੁਕਲਿਨ ਦੇ ਗੁਦਾਮ ਵਿਚ ਸ਼ਨਿਚਰਵਾਰ ਨੂੰ 1 ਵਜੇ ਦੇ ਕਰੀਬ ਛਾਪਾ ਮਾਰ ਕੇ ਇਕ ਵੱਡਾ ਇਕੱਠ ਖਦੇੜਿਆ। ਇਸ ਮਾਮਲੇ ਵਿੱਚ  ਸ਼ੈਰਿਫ ਦਫ਼ਤਰ ਦੁਆਰਾ ਜਾਰੀ ਕੀਤੀ ਇਕ ਤਸਵੀਰ ਵਿਚ ਗੋਦਾਮ ਦੇ ਅੰਦਰਲੇ ਲੋਕਾਂ ਦਾ ਵੱਡਾ ਇਕੱਠ ਦਿਖਾਇਆ ਗਿਆ ਹੈ ਜੋ ਸਰੀਰਕ ਤੌਰ 'ਤੇ ਦੂਰੀ ਨਹੀਂ ਬਣਾ ਰਹੇ ਹਨ ਅਤੇ ਉਨ੍ਹਾਂ ਵਿਚ ਕੁਝ ਲੋਕਾਂ ਮਾਸਕ ਪਹਿਨੇ ਸਨ ਜਦਕਿ ਕਈ ਬਿਨਾਂ ਮਾਸਕ ਤੋਂ ਸਨ।

ਇਸ ਪਾਰਟੀ ਵਿਚ ਤਿੰਨ ਬਾਰਾਂ ਦੇ ਨਾਲ-ਨਾਲ ਇਕ ਡੀ. ਜੇ. ਸਿਸਟਮ ਦਾ ਵੀ ਪ੍ਰਬੰਧ ਸੀ। ਅਧਿਕਾਰੀਆਂ ਦੁਆਰਾ ਪਾਰਟੀ ਦੇ ਪ੍ਰਬੰਧਕਾਂ ਵਜੋਂ ਜ਼ਾਹਰ ਕੀਤੇ ਗਏ ਘੱਟੋ-ਘੱਟ 9 ਵਿਅਕਤੀਆਂ ਉੱਤੇ ਸ਼ਹਿਰ ਅਤੇ ਰਾਜ ਦੇ ਕੋਰੋਨਾ ਵਾਇਰਸ ਦੇ ਐਮਰਜੈਂਸੀ ਆਦੇਸ਼ਾਂ ਦੀ ਕਥਿਤ ਤੌਰ 'ਤੇ ਅਣਦੇਖੀ ਅਤੇ ਸਿਹਤ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਵੀਰਵਾਰ ਨੂੰ ਕਿਹਾ ਕਿ ਸ਼ਹਿਰ ਵਿਚ ਵਾਇਰਸ ਦੇ ਮੱਦੇਨਜ਼ਰ ਇਸ ਤਰ੍ਹਾਂ ਦੀਆਂ ਪਾਰਟੀਆਂ ਲੋਕਾਂ ਦੀ ਮਹਾਂਮਾਰੀ ਪ੍ਰਤੀ ਲਾਪਰਵਾਹੀ ਪ੍ਰਗਟ ਕਰਦੀਆਂ ਹਨ।


author

Lalita Mam

Content Editor

Related News