ਨਿਊਯਾਰਕ ''ਚ ਵੱਡੀ ਗਿਣਤੀ ''ਚ ਮੌਤਾਂ ਕਾਰਨ ਪਬਲਿਕ ਪਾਰਕ ਬਣੇਗੀ ਕਬਰਸਤਾਨ
Tuesday, Apr 07, 2020 - 08:45 AM (IST)
ਨਿਊਯਾਰਕ- ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 10,908 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਸੂਬਾ ਹੈ। ਨਿਊਯਾਰਕ ਸਿਟੀ ਕੌਂਸਲ ਹੈਲਥ ਕਮੇਟੀ ਦੇ ਚੇਅਰਮੈਨ ਮਾਰਕ ਲੇਵਾਈਨ ਨੇ ਕਿਹਾ ਕਿ ਇਸ ਗੱਲ ਦਾ ਚਿੰਤਾ ਵੱਧ ਰਹੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਨਾਲ ਸ਼ਹਿਰ ਅਤੇ ਹਸਪਤਾਲ ਦੇ ਮੁਰਦਾਘਰਾਂ ਵਿਚ ਲਾਸ਼ਾਂ ਰੱਖਣ ਦੀ ਥਾਂ ਭਰ ਜਾਵੇਗੀ। ਅਜਿਹੀ ਸਥਿਤੀ ਵਿਚ ਮੁੱਖ ਮੈਡੀਕਲ ਐਗਜ਼ਾਮਿਨਰ ਪਬਲਿਕ ਪਾਰਕ ਵਿਚ ਅਸਥਾਈ ਸਮੂਹਿਕ ਕਬਰ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ। ਹਾਲਾਂਕਿ, ਲੇਵਾਈਨ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇੰਨਾ ਕਿਹਾ ਕਿ ਇਹ ਵੱਡਾ ਪਾਰਕ ਹੋਵੇਗਾ।
ਮੇਅਰ ਬਿਲ ਡੇ ਬਲਾਸਿਓ ਨੇ ਕਿਹਾ ਕਿ ਹੁਣ ਤਕ ਅਜਿਹੀ ਕੋਈ ਯੋਜਨਾ ਨਹੀਂ ਬਣਾਈ ਗਈ ਪਰ ਅਜਿਹਾ ਵਿਚਾਰ ਹੈ। ਉਨ੍ਹਾਂ ਨੇ ਕਿਹਾ, "ਜੇਕਰ ਅਸੀਂ ਸੰਕਟ 'ਚੋਂ ਪਾਰ ਨਿਕਲਣ ਲਈ ਇਸ ਦੀ ਜ਼ਰੂਰਤ ਲੱਗੀ ਤਾਂ ਅਜਿਹਾ ਕੀਤਾ ਜਾਵੇਗਾ।" ਮੈਡੀਕਲ ਐਗਜ਼ਾਮਿਨਰ ਦੇ ਦਫਤਰ ਵਲੋਂ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਕੋਈ ਫੈਸਲਾ ਨਹੀਂ ਲਿਆ ਗਿਆ। ਹਾਲਾਂਕਿ ਲੇਵਾਈਨ ਦਾ ਕਹਿਣਾ ਹੈ ਕਿ ਇਹ ਸਿਰਫ ਵਿਚਾਰਾਂ ਤਕ ਸੀਮਤ ਗੱਲ ਨਹੀਂ ਹੈ ਸਗੋਂ ਇਸ 'ਤੇ ਅੱਗੇ ਵਧਿਆ ਜਾ ਰਿਹਾ ਹੈ। ਇਕ ਟਵੀਟ ਵਿਚ ਉਨ੍ਹਾਂ ਲਿਖਿਆ, "ਇਕ ਲਾਈਨ ਵਿਚ 10 ਤਾਬੂਤ ਦਫਨ ਕੀਤੇ ਜਾਣਗੇ। ਇਹ ਸਨਮਾਨਜਨਕ ਤਰੀਕੇ ਨਾਲ ਹੋਵੇਗਾ, ਕ੍ਰਮ ਨਾਲ ਹੋਵੇਗਾ ਅਤੇ ਅਸਥਾਈ ਹੋਵੇਗਾ।"
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮੈਡੀਕਲ ਐਗਜ਼ਾਮਿਨਰ ਨੇ ਅਜਿਹੇ ਕੁੱਝ ਹਸਪਤਾਲਾਂ ਦੇ ਬਾਹਰ 45 ਨਵੇਂ ਰੈਫਰਿਜਰੇਟਡ ਟਰੇਲਰ ਪਹੁੰਚਾਏ ਸਨ, ਜਿਨ੍ਹਾਂ ਨੂੰ ਮੁਰਦਾਘਰ ਭੇਜਣ ਦੀ ਰਿਪੋਰਟ ਆਈ ਸੀ। ਰਾਸ਼ਟਰਪਤੀ ਟਰੰਪ ਵੀ ਕਹਿ ਚੁੱਕੇ ਹਨ ਕਿ ਕੋਰੋਨਾ ਕਾਰਨ ਅਮਰੀਕਾ ਵਿਚ 1 ਤੋਂ 2.40 ਲੱਖ ਮੌਤਾਂ ਹੋ ਸਕਦੀਆਂ ਹਨ, ਇਸੇ ਲਈ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਹੈ।