ਇਮਰਾਨ ਖਾਨ ਦੀ ਵਧੀ ਮੁਸ਼ਕਲ, ਅੱਤਵਾਦ ਦਾ ਨਵਾਂ ਮਾਮਲਾ ਦਰਜ

Monday, Sep 30, 2024 - 01:45 PM (IST)

ਇਸਲਾਮਾਬਾਦ (ਭਾਸ਼ਾ)- ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਰਾਵਲਪਿੰਡੀ ਦੇ ਲਿਆਕਤ ਬਾਗ ਇਲਾਕੇ ਵਿਚ ਉਨ੍ਹਾਂ ਦੀ ਪਾਰਟੀ ਵਲੋਂ ਬੁਲਾਏ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਤਿੰਨ ਨਵੇਂ ਕੇਸ ਦਰਜ ਕੀਤੇ ਹਨ। ਸਾਬਕਾ ਪ੍ਰਧਾਨ ਮੰਤਰੀ ਪਹਿਲਾਂ ਹੀ ਜੇਲ੍ਹ ਵਿੱਚ ਹਨ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ 'ਤੇ ਐਤਵਾਰ ਨੂੰ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਪਾਰਟੀ ਪ੍ਰਧਾਨ ਬੈਰਿਸਟਰ ਗੌਹਰ ਖਾਨ ਨਾਲ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। 

ਰਾਵਲਪਿੰਡੀ ਦੇ ਨਿਊ ਟਾਊਨ ਅਤੇ ਸਿਵਲ ਲਾਈਨਜ਼ ਥਾਣਿਆਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਵਿੱਚ ਕਤਲ ਦੀ ਕੋਸ਼ਿਸ਼, ਧਾਰਾ 144 ਦੀ ਉਲੰਘਣਾ ਅਤੇ ਅੱਤਵਾਦ ਨਾਲ ਸਬੰਧਤ ਹੋਰ ਅਪਰਾਧਾਂ ਦੇ ਦੋਸ਼ ਵੀ ਸ਼ਾਮਲ ਹਨ। ਦੋਸ਼ਾਂ ਮੁਤਾਬਕ ਇਕ ਸਾਲ ਤੋਂ ਵੱਧ ਸਮੇਂ ਤੋਂ ਅਡਿਆਲਾ ਜੇਲ੍ਹ 'ਚ ਬੰਦ ਇਮਰਾਨ ਖਾਨ (71) ਨੇ ਆਪਣੇ ਸਮਰਥਕਾਂ ਨੂੰ ਰਾਸ਼ਟਰੀ ਸੰਸਥਾਵਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਉਕਸਾਇਆ ਅਤੇ ਜੇਲ੍ਹ ਤੋਂ ਨਿਰਦੇਸ਼ ਜਾਰੀ ਕੀਤੇ। ਉੱਧਰ ਪੰਜਾਬ ਸਰਕਾਰ ਨੇ ਖਾਨ ਅਤੇ ਉਸਦੇ ਸਮਰਥਕਾਂ 'ਤੇ ਰਾਸ਼ਟਰੀ ਸੰਸਥਾਵਾਂ ਦੀ ਆਲੋਚਨਾ ਕਰਨ, ਉਨ੍ਹਾਂ ਦੀ ਭੰਨਤੋੜ ਕਰਨ ਅਤੇ ਪਥਰਾਅ ਸਮੇਤ ਹਿੰਸਾ ਭੜਕਾਉਣ ਦੇ ਦੋਸ਼ ਵੀ ਲਗਾਏ ਹਨ। ਸ਼ਨੀਵਾਰ ਨੂੰ ਪ੍ਰਦਰਸ਼ਨ ਦੌਰਾਨ ਖਾਨ ਦੇ ਸਮਰਥਕਾਂ ਦੀ ਪੁਲਸ ਨਾਲ ਕਥਿਤ ਤੌਰ 'ਤੇ ਝੜਪ ਹੋਈ ਸੀ। ਖਾਨ ਵੱਲੋਂ ਸੱਦੇ ਗਏ ਵਿਰੋਧ ਪ੍ਰਦਰਸ਼ਨ ਲਈ ਸੈਂਕੜੇ ਪੀ.ਟੀ.ਆਈ ਸਮਰਥਕਾਂ ਨੇ ਸ਼ਹਿਰ ਦੇ ਇਤਿਹਾਸਕ ਲਿਆਕਤ ਬਾਗ ਪਾਰਕ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਬੈਰੀਕੇਡ ਲਾ ਦਿੱਤੇ। 

ਪੜ੍ਹੋ ਇਹ ਅਹਿਮ ਖ਼ਬਰ-ਕੰਗਾਲ ਪਾਕਿਸਤਾਨ ਖ਼ਤਮ ਕਰੇਗਾ 150000 ਸਰਕਾਰੀ ਨੌਕਰੀਆਂ, 6 ਮੰਤਰਾਲੇ ਹੋਣਗੇ ਬੰਦ

ਪੀ.ਟੀ.ਆਈ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਪੁਲਸ 'ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਪਿੱਛਾ ਕੀਤੇ ਜਾਣ 'ਤੇ ਪਿੱਛੇ ਹਟਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਖਾਨ ਨੇ "ਸ਼ਾਂਤਮਈ ਵਿਰੋਧ ਪ੍ਰਦਰਸ਼ਨ" ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਸੂਬਾਈ ਸਰਕਾਰ ਨੇ ਜਨਤਕ ਇਕੱਠਾਂ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਸ਼ਹਿਰ ਵੱਲ ਜਾਣ ਵਾਲੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਸੀ। ਝੜਪ ਤੋਂ ਬਾਅਦ ਪਾਰਟੀ ਨੇ ਕਿਸੇ ਨੁਕਸਾਨ ਤੋਂ ਬਚਣ ਲਈ ਧਰਨਾ ਸਮਾਪਤ ਕਰ ਦਿੱਤਾ। ਫੌਜ ਦਾ ਹੈੱਡਕੁਆਰਟਰ ਰਾਵਲਪਿੰਡੀ ਵਿੱਚ ਸਥਿਤ ਹੈ ਅਤੇ ਪ੍ਰਦਰਸ਼ਨ ਵਾਲੀ ਥਾਂ ਉਥੋਂ ਕੁਝ ਕਿਲੋਮੀਟਰ ਦੂਰ ਸੀ। ਖਾਨ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਦੁਆਰਾ ਦਾਇਰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਿਛਲੇ ਸਾਲ 5 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News