ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਬੇਘਰੇ ਨੌਜਵਾਨਾਂ ਲਈ ਨਵੇਂ ਫੰਡ ਦੇਣ ਦੀ ਘੋਸ਼ਣਾ

10/23/2020 11:07:53 AM

ਮੌਲਬੌਰਨ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਸਰਕਾਰ ਨੇ ਬੇਘਰੇ ਨੌਜਵਾਨਾਂ ਲਈ ਉਨ੍ਹਾਂ ਦੀ ਘਰਾਂ ਦੀ ਲੋੜ ਨੂੰ ਪੂਰਨ ਲਈ ਇੱਕ ਸਕੀਮ ਦੇ ਤਹਿਤ 6.1 ਮਿਲੀਅਨ ਡਾਲਰ ਦਾ ਫੰਡ ਜਾਰੀ ਕੀਤਾ ਹੈ ਅਤੇ ‘ਨੌਜਵਾਨਾਂ ਲਈ ਆਵਾਸ’ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਪਰਿਵਾਰਕ, ਭਾਈਚਾਰਾ ਅਤੇ ਅਪਾਹਜਾਂ ਲਈ ਸੇਵਾਵਾਂ ਦੇ ਵਿਭਾਗ ਦੇ ਮੰਤਰੀ ਗਰੈਥ ਵਾਰਡ ਨੇ ਜਾਰੀ ਇੱਕ ਬਿਆਨ ਵਿਚ ਕਿਹਾ ਹੈ ਕਿ ਇਸ ਯੋਜਨਾ ਦੇ ਤਹਿਤ ਬੇਘਰੇ ਨੌਜਵਾਨਾਂ ਦਾ ਇੱਕ ਘਰ ਦਾ ਸੁਪਨਾ ਪੂਰਾ ਹੋਵੇਗਾ। ਇਸ ਮਦਦ ਨਾਲ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਸਹੀ ਢੰਗ ਅਤੇ ਆਜ਼ਾਦੀ ਨਾਲ ਬਿਤਾ ਸਕਣਗੇ। 

ਵਾਈ-ਫਾਊਂਡੇਸ਼ਨ ਦੇ ਸੀ.ਈ.ਓ. ਪਾਮ ਬਾਰਕਰ ਨੇ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਨੌਜਵਾਨਾਂ ਅੰਦਰ ਬੇਘਰੇ ਹੋਣ ਦੀ ਭਾਵਨਾ ਬਹੁਤ ਅਸਰ ਪਾ ਰਹੀ ਹੈ ਅਤੇ ਉਹ ਡੂੰਘਾਈ ਨਾਲ ਆਪਣਾ ਘਰ ਹੋਣਾ ਲੋਚਦੇ ਹਨ। ਕਈ ਨੌਜਵਾਨ ਇਸ ਭਿਆਨਕ ਬੀਮਾਰੀ ਦੇ ਹਮਲੇ ਕਾਰਨ ਗਲੀਆਂ ਵਿਚ ਰਹਿਣ ਨੂੰ ਮਜਬੂਰ ਹੋ ਗਏ ਹਨ ਜਿੱਥੇ ਕਿ ਨਾ ਕੋਈ ਚਾਰ ਦਿਵਾਰੀ ਹੈ ਅਤੇ ਨਾ ਹੀ ਛੱਤ। ਅਜਿਹੀਆਂ ਹੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਅਜਿਹੇ ਨੌਜਵਾਨਾਂ ਲਈ ਆਵਾਸ ਦੀ ਯੋਜਨਾ ਬਣਾਈ ਹੈ। ਉਂਝ ਸਰਕਾਰ ਵੱਲੋਂ ਇਸੇ ਸਾਲ ਦੇ ਅਪ੍ਰੈਲ ਦੇ ਮਹੀਨੇ ਤੋਂ ਹੀ ਅਜਿਹੇ ਨੌਜਵਾਨਾਂ ਦੀ ਘਰਾਂ ਨੂੰ ਲੱਭਣ ਅਤੇ ਦਿਵਾਉਣ ਵਿਚ ਮਦਦ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ ਜਿਹੜੇ ਕਿ ਕੋਰੋਨਾ ਕਾਲ ਦੌਰਾਨ ਬੇ-ਘਰੇ ਹੋ ਰਹੇ ਸਨ। ਇਸ ਪ੍ਰੋਗਰਾਮ ਦੇ ਤਹਿਤ ਘੱਟੋ ਘੱਟ 360 ਅਜਿਹੇ ਹੀ ਨੌਜਵਾਨਾਂ ਦੀ ਮਦਦ ਹੁਣ ਤੱਕ ਕੀਤੀ ਵੀ ਜਾ ਚੁੱਕੀ ਹੈ ਅਤੇ ਇਸ ਦੀ ਜਾਣਕਾਰੀ ਲਈ https://www.facs.nsw.gov.au/housing/factsheets/rent-choice-youth ਲਿੰਕ ਮੁਹੱਈਆ ਕਰਵਾਇਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਗੈਰ ਕਾਨੂੰਨੀ ਢੰਗ ਨਾਲ ਰਹਿਣ ਦੇ ਦੋਸ਼ 'ਚ 11 ਭਾਰਤੀ ਵਿਦਿਆਰਥੀ ਗ੍ਰਿਫ਼ਤਾਰ

ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਅਜਿਹਾ ਕੋਈ ਨੌਜਵਾਨ ਜੇਕਰ ਉਸਦਾ ਘਰ ਖੁੱਸ ਗਿਆ ਹੋਵੇ ਜਾਂ ਉਸ ਨੂੰ ਘਰ ਦੀ ਲੋੜ ਹੋਵੇ ਤਾਂ ਉਹ ਅਜਿਹੀਆਂ ਸੇਵਾਵਾਂ ਲਈ Link2home on 1800 152 152 'ਤੇ ਸੰਪਰਕ ਕਰੇ ਜਿੱਥੇ ਕਿ 24 ਘੰਟੇ ਸੱਤੋਂ ਦਿਨ ਇਹ ਸੇਵਾ ਉਪਲੱਬਧ ਹੈ। ਕੋਈ ਵੀ ਅਜਿਹਾ ਨੌਜਵਾਨ ਇੱਥੇ ਸੰਪਰਕ ਕਰਕੇ ਸੇਵਾ ਦਾ ਲਾਭ ਉਠਾ ਸਕਦਾ ਹੈ।


Vandana

Content Editor Vandana