ਨਿਊਜਰਸੀ ਦੀ ਅਦਾਲਤ ਨੇ ਗੁਜਰਾਤੀ-ਭਾਰਤੀ ਜੌਹਰੀ ਨੂੰ ਸੁਣਾਈ 30 ਮਹੀਨਿਆਂ ਦੀ ਸਜ਼ਾ
Friday, Jan 31, 2025 - 11:57 AM (IST)
ਨਿਊਜਰਸੀ (ਰਾਜ ਗੋਗਨਾ)— ਬੀਤੇ ਦਿਨ ਮੁੰਬਈ ਦੇ ਰਹਿਣ ਵਾਲੇ ਅਤੇ ਨਿਊਜਰਸੀ ਸੂਬੇ ਦੇ ਜਰਸੀ ਸਿਟੀ ਵਿੱਚ ਰਹਿ ਰਹੇ ਮੋਨੀਸ਼ ਸ਼ਾਹ ਨਾਂ ਦੇ ਇਕ ਗੁਜਰਾਤੀ-ਭਾਰਤੀ ਨੂੰ ਅਦਾਲਤ ਨੇ ਕਰੋੜਾਂ ਡਾਲਰ ਦੇ ਘੁਟਾਲੇ ਦੇ ਦੋਸ਼ ਹੇਠ 30 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਮੁਤਾਬਕ ਦੋਸ਼ੀ ਮੋਨੀਸ਼ ਸ਼ਾਹ ਨਿਊਯਾਰਕ ਦੇ ਡਾਇਮੰਡ ਡਿਸਟ੍ਰਿਕਟ 'ਚ ਗਹਿਣਿਆਂ ਦੀ ਕੰਪਨੀ ਚਲਾ ਰਿਹਾ ਸੀ, ਜਿਸ ਨੇ ਅਮਰੀਕਾ 'ਚ ਦਰਾਮਦ ਕੀਤੇ ਗਏ 13.5 ਮਿਲੀਅਨ ਡਾਲਰ ਦੇ ਗਹਿਣਿਆਂ 'ਤੇ ਕਸਟਮ ਡਿਊਟੀ ਨਹੀਂ ਅਦਾ ਕੀਤੀ ਸੀ ਅਤੇ ਗੈਰ-ਕਾਨੂੰਨੀ ਢੰਗ ਨਾਲ 10.3 ਮਿਲੀਅਨ ਡਾਲਰ ਦੀ ਵੱਡੀ ਰਕਮ ਵਸੂਲੀ ਸੀ।
ਦੋਸ਼ੀ ਮੋਨੀਸ਼ ਨੇ ਪਹਿਲਾਂ ਨਿਊ ਜਰਸੀ ਦੇ ਡਿਸਟ੍ਰਿਕਟ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਵਾਇਰ ਫਰਾਡ ਸਾਜ਼ਿਸ਼ ਅਤੇ ਵਾਇਰ ਧੋਖਾਧੜੀ ਦੇ ਦੋਸ਼ਾਂ ਲਈ ਅਦਾਲਤ ਨੇ ਦੋਸ਼ੀ ਮੰਨਿਆ ਸੀ। ਮੋਨੀਸ਼ ਨੇ ਦਸੰਬਰ 2019 ਤੋਂ ਅਪ੍ਰੈਲ 2022 ਦਰਮਿਆਨ ਇਸ ਘੁਟਾਲੇ ਨੂੰ ਅੰਜਾਮ ਦਿੱਤਾ, ਜਿਸ ਵਿਚ ਉਸ ਨੇ ਦੱਖਣੀ ਕੋਰੀਆ ਸਥਿਤ ਆਪਣੀ ਕੰਪਨੀ ਦੀ ਵਰਤੋਂ ਵੀ ਕੀਤੀ। ਕੰਸਾਈਨਰ ਮੋਨੀਸ਼ ਸ਼ਾਹ ਦੋਸ਼ੀ ਭਾਰਤ ਜਾਂ ਤੁਰਕੀ ਤੋਂ ਖੇਪ ਦੱਖਣੀ ਕੋਰੀਆ ਭੇਜਦਾ ਸੀ ਅਤੇ ਉਥੋਂ ਅਮਰੀਕਾ ਪਹੁੰਚਾਉਂਦਾ ਸੀ। ਜੇਕਰ ਉਹ ਤੁਰਕੀ ਜਾਂ ਭਾਰਤ ਤੋਂ ਸਿੱਧੇ ਅਮਰੀਕਾ ਨੂੰ ਸਾਮਾਨ ਭੇਜਦਾ ਸੀ ਤਾਂ ਉਸ ਨੂੰ 5.5 ਫੀਸਦੀ ਡਿਊਟੀ ਦੇਣੀ ਪੈਂਦੀ ਸੀ, ਜਿਸ ਤੋਂ ਬਚਣ ਲਈ ਉਹ ਦੱਖਣੀ ਕੋਰੀਆ ਰਾਹੀਂ ਅਮਰੀਕਾ ਨੂੰ ਗਹਿਣੇ ਭੇਜਦਾ ਸੀ। ਮੋਨੀਸ਼ ਨਾਲ ਇਸ ਘਪਲੇ ਵਿਚ ਸ਼ਾਮਲ ਲੋਕ ਭਾਰਤ ਜਾਂ ਤੁਰਕੀ ਤੋਂ ਦੱਖਣੀ ਕੋਰੀਆ ਪਹੁੰਚੀਆਂ ਗਹਿਣਿਆਂ ਦੀਆਂ ਵਸਤਾਂ ਦੇ ਲੇਬਲ ਬਦਲ ਕੇ ਸਟਿੱਕਰ ਲਗਾ ਦਿੰਦੇ ਸਨ ਕਿ ਉਹ ਕੋਰੀਆ ਤੋਂ ਆਏ ਹਨ ਅਤੇ ਫਿਰ ਇਹ ਖੇਪ ਅਮਰੀਕਾ ਵਿਚ ਰਹਿੰਦੇ ਮੋਨੀਸ਼ ਸ਼ਾਹ ਜਾਂ ਉਸ ਦੇ ਗਾਹਕਾਂ ਨੂੰ ਭੇਜਦੇ ਸਨ। ਉਹ ਆਪਣੇ ਗਾਹਕਾਂ ਨੂੰ ਜਾਅਲੀ ਚਲਾਨ ਜਾਂ ਪੈਕਿੰਗ ਸੂਚੀਆਂ ਭੇਜਦਾ ਸੀ ਤਾਂ ਜੋ ਇਹ ਸਥਾਪਿਤ ਕੀਤਾ ਜਾ ਸਕੇ ਕਿ ਮੋਨੀਸ਼ ਦੀ ਦੱਖਣੀ ਕੋਰੀਆ ਸਥਿਤ ਕੰਪਨੀ ਨੇ ਭਾਰਤ ਜਾਂ ਤੁਰਕੀ ਤੋਂ ਗਹਿਣੇ ਮੰਗਵਾਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦੇ ਵਿਗਿਆਨੀਆਂ ਦਾ ਕਮਾਲ, ਬਿਨਾਂ ਮਾਂ ਦੇ ਸਿਰਫ਼ ਦੋ ਪਿਤਾ ਨਾਲ ਪੈਦਾ ਕੀਤੇ ਬੱਚੇ
ਇਸ ਸਕੀਮ ਤਹਿਤ ਮੋਨੀਸ਼ ਨੇ ਢਾਈ ਸਾਲਾਂ ਦੇ ਅਰਸੇ 'ਚ ਦੱਖਣੀ ਕੋਰੀਆ ਤੋਂ 13.5 ਮਿਲੀਅਨ ਡਾਲਰ ਦੇ ਗਹਿਣੇ ਇਕੱਠੇ ਕੀਤੇ ਅਤੇ ਇਸ 'ਤੇ ਟੈਕਸ ਦਾ ਇਕ ਪੈਸਾ ਵੀ ਨਹੀਂ ਦਿੱਤਾ। ਇਸ ਤੋਂ ਇਲਾਵਾ ਜੁਲਾਈ 2020 ਅਤੇ ਨਵੰਬਰ 2021 ਵਿਚਕਾਰ ਉਸਨੇ ਨਿਊਯਾਰਕ ਸਿਟੀ ਦੇ ਡਾਇਮੰਡ ਡਿਸਟ੍ਰਿਕਟ ਵਿੱਚ ਵੱਖ-ਵੱਖ ਨਾਵਾਂ ਨਾਲ ਗਹਿਣਿਆਂ ਦੀਆਂ ਕੰਪਨੀਆਂ ਵੀ ਚਲਾਈਆਂ। ਇਹਨਾਂ ਕੰਪਨੀਆਂ ਦੇ ਨਾਮ 'ਤੇ ਉਸਨੇ ਆਪਣੇ ਗਾਹਕਾਂ ਨਾਲ 10.3 ਮਿਲੀਅਨ ਡਾਲਰ ਦੇ ਗੈਰ-ਕਾਨੂੰਨੀ ਲੈਣ-ਦੇਣ ਕੀਤੇ, ਜਿਸ ਵਿੱਚ ਨਕਦ ਨੂੰ ਚੈਕਾਂ ਜਾਂ ਵਾਇਰ ਟ੍ਰਾਂਸਫਰ ਵਿੱਚ ਬਦਲਣਾ ਸ਼ਾਮਲ ਹੈ। ਉਹ ਆਪਣੇ ਗਾਹਕਾਂ ਤੋਂ ਨਕਦੀ ਲੈਂਦਾ ਸੀ ਅਤੇ ਹੋਰ ਗਹਿਣਾ ਕੰਪਨੀਆਂ ਦੀ ਵਰਤੋਂ ਕਰਕੇ ਇਸ ਨੂੰ ਤਾਰਾਂ ਜਾਂ ਚੈੱਕਾਂ ਵਿੱਚ ਬਦਲਦਾ ਸੀ। ਇਸ ਦੌਰਾਨ ਉਸ ਨੇ ਇਕ ਦਿਨ 'ਚ ਕਾਫੀ ਵੱਡੀ ਰਕਮ ਦੀ ਹੇਰਾਫੇਰੀ ਕੀਤੀ ਸੀ। ਨਕਦੀ ਨੂੰ ਚਿੱਟੇ ਧਨ ਵਿੱਚ ਤਬਦੀਲ ਕਰਨ ਦੇ ਇਸ ਨਾਪਾਕ ਧੰਦੇ ਵਿੱਚ ਬਲੈਕ-ਲਾਂਡਰਿੰਗ ਫੀਸ ਵੀ ਵਸੂਲੀ ਗਈ। ਅਦਾਲਤ ਨੇ ਉਸ ਨੂੰ ਵਾਇਰ ਫਰਾਡ ਕੇਸ ਵਿੱਚ 7.42 ਲੱਖ ਅਤੇ ਹਵਾਲਾ ਰੈਕੇਟ ਵਿੱਚ 11.1 ਮਿਲੀਅਨ ਡਾਲਰ ਸਰਕਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਢਾਈ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਸ ਨੂੰ ਦੋ ਸਾਲ ਤੱਕ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਸਰਕਾਰ ਉਸ ਦੀ ਹਰ ਹਰਕਤ 'ਤੇ ਪੂਰੀ ਨਜ਼ਰ ਰੱਖੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।