ਤੇਲ-ਗੈਸ ਦੀ ਕਿੱਲਤ ਖ਼ਤਮ ! ਈਰਾਨ ਨੇ ਖੋਲ੍ਹ 'ਤਾ Hormuz

Tuesday, Mar 24, 2026 - 01:24 PM (IST)

ਤੇਲ-ਗੈਸ ਦੀ ਕਿੱਲਤ ਖ਼ਤਮ ! ਈਰਾਨ ਨੇ ਖੋਲ੍ਹ 'ਤਾ Hormuz

ਤੇਹਰਾਨ (ਵਾਰਤਾ): ਪੱਛਮੀ ਏਸ਼ੀਆ (ਮਿਡਲ ਈਸਟ)  ਵਿੱਚ ਜਾਰੀ ਭਿਆਨਕ ਜੰਗ ਦੇ ਦਰਮਿਆਨ ਈਰਾਨ ਨੇ ਇੱਕ ਅਹਿਮ ਰਣਨੀਤਕ ਫੈਸਲਾ ਲਿਆ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੇ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਈਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਛੱਡ ਕੇ ਹੋਰ ਦੇਸ਼ਾਂ ਦੇ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ (Strait of Hormuz) ਤੋਂ ਲੰਘਣ ਦੀ ਇਜਾਜ਼ਤ ਦੇਣ ਲਈ ਕਦਮ ਚੁੱਕੇ ਹਨ।

ਪਾਕਿਸਤਾਨੀ ਪੀ.ਐਮ ਨਾਲ ਗੱਲਬਾਤ ਦੌਰਾਨ ਹੋਇਆ ਖੁਲਾਸਾ 

ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਕਿਹਾ ਕਿ ਈਰਾਨ ਨੇ ਇਸ ਜਲਮਾਰਗ ਤੋਂ ਜਹਾਜ਼ਾਂ ਦੇ ਲੰਘਣ ਲਈ ਸੁਰੱਖਿਆ ਅਤੇ ਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ "ਦੁਸ਼ਮਣ ਦੇਸ਼ਾਂ" (ਅਮਰੀਕਾ ਅਤੇ ਇਜ਼ਰਾਈਲ) ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਇਸ ਰਸਤੇ ਤੋਂ ਲੰਘਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਸਾਊਦੀ-UAE ਦੀ ਜੰਗ 'ਚ ਐਂਟਰੀ ! ਪੱਛਮੀ ਏਸ਼ੀਆ ਦੇ ਹਾਲਾਤ ਹੋਰ ਵਿਗੜਨ ਦੇ ਆਸਾਰ

ਇਸ ਕਾਰਨ ਬੰਦ ਕੀਤਾ ਗਿਆ ਸੀ ਰਸਤਾ 

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿੱਚ ਕਈ ਟਿਕਾਣਿਆਂ 'ਤੇ ਹਮਲੇ ਕੀਤੇ ਸਨ, ਜਿਸ ਵਿੱਚ ਈਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੀ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਜਵਾਬ ਵਿੱਚ ਈਰਾਨ ਨੇ ਇਜ਼ਰਾਈਲੀ ਖੇਤਰ ਅਤੇ ਅਮਰੀਕੀ ਫੌਜੀ ਅੱਡਿਆਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਅਤੇ ਹੋਰਮੁਜ਼ ਜਲਮਾਰਗ ਨੂੰ ਬੰਦ ਕਰ ਦਿੱਤਾ ਸੀ।

ਵਿਸ਼ਵ ਊਰਜਾ ਸਪਲਾਈ 'ਤੇ ਅਸਰ 

ਹੋਰਮੁਜ਼ ਜਲਮਾਰਗ ਦੁਨੀਆ ਲਈ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਦੁਨੀਆ ਦਾ ਲਗਭਗ 20 ਪ੍ਰਤੀਸ਼ਤ ਤੇਲ ਅਤੇ ਤਰਲ ਕੁਦਰਤੀ ਗੈਸ (LNG) ਇਸੇ ਰਸਤੇ ਤੋਂ ਹੋ ਕੇ ਗੁਜ਼ਰਦੀ ਹੈ। ਇਸ ਜੰਗ ਕਾਰਨ ਹੋਰਮੁਜ਼ ਦੇ ਬੰਦ ਹੋਣ ਨਾਲ ਪੂਰੀ ਦੁਨੀਆ ਵਿੱਚ ਕੱਚੇ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ । ਹੁਣ ਈਰਾਨ ਵੱਲੋਂ ਦਿੱਤੀ ਗਈ ਇਸ 'ਚੋਣਵੀਂ ਇਜਾਜ਼ਤ' (Selective Passage) ਨਾਲ ਗਲੋਬਲ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News