ਪਾਕਿ ’ਚ ਫਸੀ ਸਰਬਜੀਤ ਕੌਰ ’ਤੇ ਦਰਜ ਹੋਵੇਗੀ ਨਵੀਂ FIR
Friday, Jan 23, 2026 - 09:55 AM (IST)
ਗੁਰਦਾਸਪੁਰ/ਲਾਹੌਰ (ਵਿਨੋਦ)- ਵਿਆਹ ਕਰਵਾਉਣ ਲਈ ਭਾਰਤ ਤੋਂ ਧਾਰਮਿਕ ਯਾਤਰਾ ’ਤੇ ਪਾਕਿਸਤਾਨ ਗਈ ਭਾਰਤੀ ਨਾਗਰਿਕ ਸਰਬਜੀਤ ਕੌਰ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਇਮੀਗ੍ਰੇਸ਼ਨ ਨਿਯਮਾਂ ਅਤੇ ਪਾਕਿਸਤਾਨੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ’ਚ ਪਾਕਿਸਤਾਨੀ ਜੇਲ ’ਚ ਬੰਦ ਸਰਬਜੀਤ ਕੌਰ ਵਿਰੁੱਧ ਇਕ ਨਵੀਂ ਐੱਫ.ਆਈ.ਆਰ. ਦਰਜ ਕੀਤੀ ਜਾ ਸਕਦੀ ਹੈ। ਇਸ ਨਾਲ ਸਬੰਧਤ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਲਾਹੌਰ ਸੈਸ਼ਨ ਕੋਰਟ ਨੇ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਤੋਂ ਰਿਪੋਰਟ ਤਲਬ ਕੀਤੀ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਅਦਾਲਤ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਹਿੰਦਰ ਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਐੱਫ.ਆਈ.ਏ. ਤੋਂ ਰਿਪੋਰਟ ਮੰਗੀ ਹੈ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਸਰਬਜੀਤ ਕੌਰ ਪਿਛਲੇ ਸਾਲ ਨਵੰਬਰ ਦੇ ਸ਼ੁਰੂ ਵਿਚ ਸਿੱਖ ਤੀਰਥ ਯਾਤਰਾ ਵੀਜ਼ੇ ’ਤੇ ਪਾਕਿਸਤਾਨ ਪਹੁੰਚੀ ਸੀ। ਉਹ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਉੱਥੇ ਰਹੀ। ਇਹ ਵੀ ਸ਼ੱਕ ਹੈ ਕਿ ਇਕ ਭਾਰਤੀ ਖੁਫੀਆ ਏਜੰਸੀ ਨੇ ਸਰਬਜੀਤ ਕੌਰ ਨੂੰ ਜਾਸੂਸੀ ਲਈ ਪਾਕਿਸਤਾਨ ਭੇਜਿਆ ਸੀ। ਇਕ ਨਵੀਂ ਐੱਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
