4 ਲੱਖ ਡਾਲਰ ਜਿੱਤਣ ਦੇ ਦੋਸ਼ ''ਚ ਅਮਰੀਕੀ ਸਪੈਸ਼ਲ ਫੋਰਸ ਦਾ ਜਵਾਨ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

Friday, Apr 24, 2026 - 09:10 PM (IST)

4 ਲੱਖ ਡਾਲਰ ਜਿੱਤਣ ਦੇ ਦੋਸ਼ ''ਚ ਅਮਰੀਕੀ ਸਪੈਸ਼ਲ ਫੋਰਸ ਦਾ ਜਵਾਨ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਸਪੈਸ਼ਲ ਫੋਰਸ ਦੇ ਸੈਨਿਕ ਵੱਲੋਂ ਖੁਫੀਆ ਜਾਣਕਾਰੀ ਦੀ ਦੁਰਵਰਤੋਂ ਕਰਕੇ ਲੱਖਾਂ ਡਾਲਰ ਕਮਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਜਾਣਕਾਰੀ ਲੀਕ ਕਰਨ ਅਤੇ ਉਸ 'ਤੇ ਸੱਟਾ ਲਗਾਉਣ ਦੇ ਦੋਸ਼ ਵਿੱਚ ਮਾਸਟਰ ਸਾਰਜੈਂਟ ਗੈਨਨ ਕੇਨ ਵੈਨ ਡਾਈਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਚਲਾਏ ਜਾ ਰਹੇ ਗੁਪਤ ਮਿਸ਼ਨ 'ਆਪ੍ਰੇਸ਼ਨ ਐਬਸੋਲਿਊਟ ਰਿਜ਼ੋਲਵ' ਦੀ ਪਲਾਨਿੰਗ ਅਤੇ ਉਸ ਨੂੰ ਪੂਰਾ ਕਰਨ ਵਿੱਚ ਵੈਨ ਡਾਈਕ ਖੁਦ ਸ਼ਾਮਲ ਸੀ। ਇਸ ਕਾਰਨ ਉਸ ਕੋਲ ਮਿਸ਼ਨ ਸਬੰਧੀ ਕਲਾਸੀਫਾਈਡ (ਗੁਪਤ) ਜਾਣਕਾਰੀ ਪਹਿਲਾਂ ਹੀ ਮੌਜੂਦ ਸੀ। ਉਸ ਨੇ ਇਸ ਜਾਣਕਾਰੀ ਦਾ ਫਾਇਦਾ ਉਠਾਉਂਦੇ ਹੋਏ 'ਪੋਲੀਮਾਰਕੀਟ' (Polymarket) ਨਾਮਕ ਪ੍ਰੈਡੀਕਸ਼ਨ ਮਾਰਕੀਟ 'ਤੇ ਇੱਕ ਅਕਾਊਂਟ ਖੋਲ੍ਹ ਕੇ ਲਗਭਗ 32 ਹਜ਼ਾਰ ਡਾਲਰ ਦਾ ਦਾਅ ਲਗਾਇਆ ਕਿ ਮਾਦੁਰੋ ਜਨਵਰੀ ਤੱਕ ਸੱਤਾ ਤੋਂ ਬਾਹਰ ਹੋ ਜਾਣਗੇ।

ਵੈਨ ਡਾਈਕ ਨੇ 27 ਦਸੰਬਰ ਤੋਂ 2 ਜਨਵਰੀ ਦੇ ਵਿਚਕਾਰ ਕੁੱਲ 13 ਸੱਟੇ ਲਗਾਏ ਅਤੇ ਇਸ ਰਾਹੀਂ 4 ਲੱਖ ਡਾਲਰ ਤੋਂ ਵੱਧ ਦਾ ਮੁਨਾਫਾ ਕਮਾਇਆ। ਪੁਲਸ ਅਤੇ ਜਾਂਚ ਏਜੰਸੀਆਂ ਦਾ ਧਿਆਨ ਉਦੋਂ ਇਸ ਪਾਸੇ ਗਿਆ ਜਦੋਂ ਉਸ ਨੇ ਇਸ ਜਿੱਤੀ ਹੋਈ ਰਕਮ ਨੂੰ ਵਿਦੇਸ਼ੀ ਕ੍ਰਿਪਟੋਕਰੰਸੀ ਵਾਲਟ ਰਾਹੀਂ ਇੱਕ ਆਨਲਾਈਨ ਬਰੋਕਰੇਜ ਅਕਾਊਂਟ ਵਿੱਚ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਆਖਰੀ ਸੱਟਾ ਲਗਾਉਣ ਦੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ।

ਫੋਰਟ ਬ੍ਰੈਗ ਵਿਖੇ ਤਾਇਨਾਤ ਇਸ ਜਵਾਨ 'ਤੇ ਸਰਕਾਰੀ ਗੁਪਤ ਜਾਣਕਾਰੀ ਚੋਰੀ ਕਰਨ, ਉਸ ਦੀ ਦੁਰਵਰਤੋਂ ਕਰਨ, ਚੋਰੀ ਅਤੇ ਧੋਖਾਧੜੀ ਦੇ 5 ਕ੍ਰਿਮਿਨਲ ਚਾਰਜ ਲਗਾਏ ਗਏ ਹਨ। ਸੁਰੱਖਿਆ ਮਾਹਿਰਾਂ ਅਨੁਸਾਰ, ਇੱਕ ਸੀਨੀਅਰ ਅਧਿਕਾਰੀ (NCO) ਵੱਲੋਂ ਅਜਿਹੀ ਹਰਕਤ ਕਰਨਾ ਇੱਕ ਵੱਡੀ ਸੁਰੱਖਿਆ ਚੂਕ ਹੈ ਕਿਉਂਕਿ ਉਨ੍ਹਾਂ ਤੋਂ ਜੂਨੀਅਰ ਸੈਨਿਕਾਂ ਲਈ ਇੱਕ ਮਿਆਰ ਸਥਾਪਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਮੁਲਜ਼ਮ ਨੂੰ ਨੌਰਥ ਕੈਰੋਲੀਨਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


author

Inder Prajapati

Content Editor

Related News