ਕੈਨੇਡਾ ਤੋਂ ਆਈ ਰਾਹਤ ਭਰੀ ਖ਼ਬਰ, ਘਟਣ ਲੱਗੇ ਕੋਰੋਨਾ ਮਾਮਲੇ

01/23/2021 2:52:41 PM

ਟੋਰਾਂਟੋ- ਬੀਤੇ 12 ਦਿਨਾਂ ਤੋਂ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਘੱਟ ਦਰਜ ਹੋ ਰਹੇ ਹਨ। ਇਸ ਲਈ ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਲੱਗੀ ਤਾਲਾਬੰਦੀ ਕਾਰਨ ਕੋਰੋਨਾ ਮਾਮਲੇ ਘੱਟ ਰਹੇ ਹਨ। ਇਸ ਤੋਂ ਪਹਿਲਾਂ ਕੈਨੇਡਾ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵਧੇਰੇ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੀ ਬਹੁਤ ਵੱਧ ਗਈ ਹੈ। ਇਸੇ ਕਾਰਨ ਕਈ ਹਸਪਤਾਲਾਂ ਵਿਚ ਐਮਰਜੈਂਸੀ ਕਮਰਿਆਂ ਵਿਚ ਵਾਧੂ ਬੈੱਡ ਲਾਏ ਜਾ ਰਹੇ ਹਨ। 

ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ ਵਿਚ 10 ਜਨਵਰੀ ਤੋਂ 22 ਜਨਵਰੀ ਤੱਕ ਕੋਰੋਨਾ ਦੇ ਮਾਮਲੇ ਘੱਟ ਦਰਜ ਹੋਏ ਹਨ, ਜਿਸ ਦਾ ਕਾਰਨ ਤਾਲਾਬੰਦੀ ਹੈ। 10 ਜਨਵਰੀ ਨੂੰ ਕੋਰੋਨਾ ਦੇ ਰੋਜ਼ਾਨਾ ਦੇ ਮਾਮਲੇ 8,260 ਸਨ ਜੋ ਕਿ 22 ਜਨਵਰੀ ਨੂੰ 5,957 ਹੋ ਗਏ ਹਨ ਤੇ ਇਹ ਰਾਹਤ ਭਰੀ ਖ਼ਬਰ ਹੈ। 

ਛੂਤ ਦੀਆਂ ਬੀਮਾਰੀਆਂ ਦੇ ਮਾਹਰ ਡਾ. ਇਸਾਕ ਬਗੋਚ ਮੁਤਾਬਕ ਦੇਸ਼ ਸਹੀ ਦਿਸ਼ਾ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਅਸੀਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ, ਇਸ ਲਈ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। 

ਡਾਕਟਰ ਜ਼ੈਨ ਚਾਗਲਾ ਮੁਤਾਬਕ ਠੰਡ ਦੇ ਮੌਸਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸਾਹ ਸਬੰਧੀ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ ਪਰ ਰਾਹਤ ਦੀ ਗੱਲ ਹੈ ਕਿ ਹੁਣ ਲੋਕ ਕੋਰੋਨਾ ਕਾਰਨ ਕਾਫੀ ਧਿਆਨ ਰੱਖ ਰਹੇ ਹਨ ਤੇ ਅਜਿਹੇ ਮਾਮਲਿਆਂ ਵਿਚ ਵੀ ਕਮੀ ਦਰਜ ਹੋਈ ਹੈ। ਕੁਝ ਮਾਹਰਾਂ ਨੇ ਵਿਚਾਰ ਕੀਤਾ ਸੀ ਕਿ ਕੋਰੋਨਾ ਟੀਕਾਕਰਨ ਮੁਹਿੰਮ ਕਾਰਨ ਕੋਰੋਨਾ ਮਾਮਲੇ ਘਟੇ ਹਨ ਪਰ ਕਈ ਮਾਹਰਾਂ ਨੇ ਦੱਸਿਆ ਕਿ ਅਜੇ ਦੇਸ਼ ਦੇ ਸਿਰਫ 2 ਫ਼ੀਸਦੀ ਲੋਕਾਂ ਨੂੰ ਹੀ ਕੋਰੋਨਾ ਦਾ ਟੀਕਾ ਮਿਲ ਸਕਿਆ ਹੈ। ਇਸ ਲਈ ਕੋਰੋਨਾ ਮਾਮਲੇ ਘਟਣ ਪਿੱਛੇ ਸਭ ਤੋਂ ਵੱਡਾ ਕਾਰਨ ਤਾਲਾਬੰਦੀ ਹੈ ਤੇ ਦੇਸ਼ ਨੂੰ ਅਜੇ ਇਸ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਕੈਨੇਡਾ ਨੇ ਅਮਰੀਕਾ ਨਾਲ ਆਪਣੀ ਸਰਹੱਦ ਅਜੇ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖੀ ਹੈ। ਇਸ ਦੇ ਇਲਾਵਾ ਕੈਨੇਡਾ ਵਿਚ ਦਾਖ਼ਲ ਹੋਣ ਲਈ ਹਰ ਵਿਅਕਤੀ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਵੀ ਜ਼ਰੂਰੀ ਹੈ। 
 


Lalita Mam

Content Editor

Related News