ਨੀਦਰਲੈਂਡ ਚੋਣਾਂ : ਪ੍ਰਵਾਸੀ ਵਿਰੋਧੀ ''ਫ੍ਰੀਡਮ ਪਾਰਟੀ'' ਨੂੰ ਵੱਡਾ ਝਟਕਾ, ਲਿਬਰਲ ਪਾਰੀਟ ਜਿੱਤ ਵੱਲ
Friday, Oct 31, 2025 - 02:35 PM (IST)
 
            
            ਐਮਸਟਰਡਮ : ਨੀਦਰਲੈਂਡ 'ਚ ਹੋਏ ਆਮ ਚੋਣਾਂ 'ਚ ਪ੍ਰਵਾਸੀ ਵਿਰੋਧੀ ਸੱਜੇ-ਪੱਖੀ ਨੇਤਾ ਗੀਰਟ ਵਿਲਡਰਸ ਦੀ 'ਫਰੀਡਮ ਪਾਰਟੀ' (Freedom Party) ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ ਦੇ ਨਤੀਜਿਆਂ ਅਨੁਸਾਰ, ਲਿਬਰਲ ਪਾਰਟੀ ਡੀ-66 (D-66) ਇਤਿਹਾਸਕ ਜਿੱਤ ਵੱਲ ਵਧ ਰਹੀ ਹੈ।
38 ਸਾਲਾ ਜੇਤੱਨ PM ਬਣਨ ਦੀ ਕਤਾਰ 'ਚ
38 ਸਾਲਾ ਰੌਬ ਜੇਤੱਨ ਦੀ ਅਗਵਾਈ ਹੇਠ ਡੀ-66 ਨੇ ਆਪਣੀਆਂ ਸੀਟਾਂ ਤਿੰਨ ਗੁਣਾ ਕਰ ਲਈਆਂ ਹਨ। ਜੇਕਰ ਰੌਬ ਜੇਤੱਨ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਨਾ ਸਿਰਫ਼ ਦੇਸ਼ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਹੋਣਗੇ, ਸਗੋਂ ਉਹ ਪਹਿਲੇ ਸਮਲਿੰਗੀ (gay) ਪ੍ਰਧਾਨ ਮੰਤਰੀ ਵੀ ਹੋਣਗੇ।
ਰੌਬ ਜੇਤੰਨ ਨੇ ਲੀਡ ਮਗਰੋਂ ਬਿਆਨ ਦਿੱਤਾ ਕਿ ਡੱਚ ਜਨਤਾ ਨੇ 'ਨਫ਼ਰਤ ਦੀ ਰਾਜਨੀਤੀ ਨੂੰ ਪਿੱਛੇ ਛੱਡਣ ਅਤੇ ਇੱਕ ਬਿਹਤਰ ਭਵਿੱਖ ਲਈ ਪੰਨਾ ਪਲਟਣ ਦਾ ਫੈਸਲਾ ਕੀਤਾ ਹੈ'।
ਫਰੀਡਮ ਪਾਰਟੀ ਨੂੰ ਭਾਰੀ ਨੁਕਸਾਨ
ਗੀਰਟ ਵਿਲਡਰਸ ਦੀ 'ਫਰੀਡਮ ਪਾਰਟੀ' ਨੇ 2023 ਦੇ ਆਪਣੇ ਰਿਕਾਰਡ ਪ੍ਰਦਰਸ਼ਨ ਦੇ ਮੁਕਾਬਲੇ ਭਾਰੀ ਗਿਰਾਵਟ ਝੱਲੀ ਹੈ, ਜਿਸ ਕਾਰਨ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ। ਜਿੱਥੇ 2023 ਵਿੱਚ ਫਰੀਡਮ ਪਾਰਟੀ ਨੇ 37 ਸੀਟਾਂ ਜਿੱਤੀਆਂ ਸਨ, ਉੱਥੇ ਤਾਜ਼ਾ ਸਰਵੇਖਣ ਵਿੱਚ ਇਹ ਗਿਣਤੀ 25 ਤੋਂ 26 ਦੇ ਆਸ-ਪਾਸ ਰਹਿ ਗਈ ਹੈ। ਇਸ ਦੇ ਉਲਟ, ਡੀ-66 ਦੀਆਂ ਸੀਟਾਂ 9 ਤੋਂ ਵੱਧ ਕੇ 26-27 ਤੱਕ ਪਹੁੰਚ ਗਈਆਂ ਹਨ।
ਕੁੱਲ 150 ਸੀਟਾਂ ਵਾਲੀ ਸੰਸਦ 'ਚ ਬਹੁਮਤ ਲਈ 76 ਸੀਟਾਂ ਜ਼ਰੂਰੀ ਹਨ। ਹੁਣ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਡੀ-66, ਕ੍ਰਿਸ਼ਚੀਅਨ ਡੈਮੋਕ੍ਰੇਟਸ (Christian Democrats) ਦੇ ਨਾਲ ਮਿਲ ਕੇ ਨਵੀਂ ਸਰਕਾਰ ਬਣਾਏਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            