ਗਾਜ਼ਾ ’ਚ ਕੈਦੀਆਂ ਦੀ ਰਿਹਾਈ ’ਤੇ ਭੜਕੇ ਨੇਤਨਯਾਹੂ, ਕਿਹਾ-ਕੋਈ ਮੈਨੂੰ ਲੈਕਚਰ ਨਹੀਂ ਦੇਵੇਗਾ

Tuesday, Sep 03, 2024 - 01:54 PM (IST)

ਗਾਜ਼ਾ ’ਚ ਕੈਦੀਆਂ ਦੀ ਰਿਹਾਈ ’ਤੇ ਭੜਕੇ ਨੇਤਨਯਾਹੂ, ਕਿਹਾ-ਕੋਈ ਮੈਨੂੰ ਲੈਕਚਰ ਨਹੀਂ ਦੇਵੇਗਾ

ਇੰਟਰਨੈਸ਼ਨਲ ਡੈਸਕ - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ’ਤੇ ਗਾਜ਼ਾ 'ਚ ਕੈਦੀਆਂ ਦੀ ਰਿਹਾਈ ਅਤੇ ਜੰਗਬੰਦੀ ਨੂੰ ਲੈ ਕੇ ਦਬਾਅ ਲਗਾਤਾਰ  ਵਧਦਾ ਹੀ ਜਾ ਰਿਹਾ  ਹੈ। ਹਾਲ ਹੀ 'ਚ ਪੂਰੇ ਦੇਸ਼  'ਚ ਹਜ਼ਾਰਾਂ ਲੋਕ ਉਸ ਦੀਆਂ ਜੰਗੀ ਨੀਤੀਆਂ ਵਿਰੁੱਧ  ਸੜਕਾਂ 'ਤੇ ਉਤਰ ਆਏ ਸਨ। ਅਮਰੀਕੀ ਰਾਸ਼ਟਰਪਤੀ  ਜੋਅ ਬਾਈਡੇਨ ਨੇ ਵੀ ਇਸ ਮੁੱਦੇ 'ਤੇ ਨੇਤਨਯਾਹੂ ਦੀ ਆਲੋਚਨਾ ਕੀਤੀ ਹੈ, ਜਿਸ ਕਾਰਨ ਨੇਤਨਯਾਹੂ ਉਸ ’ਤੇ ਭੜਕ ਉੱਠੇ। ਅਮਰੀਕੀ ਰਾਸ਼ਟਰਪਤੀ ਜੋਅ ਬਾੀਡੇਨ  ਨੇ ਕਿਹਾ ਕਿ ਉਨ੍ਹਾਂ ਨੂੰ ਲਗਭਗ  11 ਮਹੀਨੇ ਲੰਬੇ ਯੁੱਧ ’ਚ ਹੋਰ ਕੁਝ ਕਰਨ ਦੀ ਲੋੜ ਹੈ। ਇਸ 'ਤੇ ਨੇਤਨਯਾਹੂ ਨੇ ਸਾਫ ਸ਼ਬਦਾਂ 'ਚ ਕਿਹਾ ਹੈ ਕਿ ਕੋਈ ਵੀ ਉਨ੍ਹਾਂ ਨੂੰ ਇਹ ਨਾ ਦੱਸੇ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਇਸ ਦੌਰਾਨ ਨੇਤਨਯਾਹੂ ਨੇ ਕਿਹਾ, "ਇਸ ਮੁੱਦੇ 'ਤੇ ਮੈਨੂੰ ਕੋਈ ਲੈਕਚਰ ਨਹੀਂ ਦੇਵੇਗਾ। ਕੈਦੀਆਂ ਨੂੰ ਰਿਹਾਅ ਕਰਨ ਲਈ ਮੇਰੇ ਤੋਂ ਵੱਧ ਕੋਈ ਨਹੀਂ ਕਰ ਰਿਹਾ ਹੈ।"

ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ

ਇਜ਼ਰਾਈਲ ਦੇ ਕਈ ਸ਼ਹਿਰਾਂ 'ਚ ਐਤਵਾਰ ਰਾਤ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ, ਜਿਸ 'ਚ ਲੋਕ ਨੇਤਨਯਾਹੂ ਦੀਆਂ ਨੀਤੀਆਂ ਖਿਲਾਫ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ। ਜੰਗ ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਵੱਡਾ ਵਿਰੋਧ ਮੰਨਿਆ ਜਾ ਰਿਹਾ ਹੈ। ਕੇਂਦਰੀ ਯੇਰੂਸ਼ਲਮ ’ਚ ਨੇਤਨਯਾਹੂ ਦੇ ਘਰ ਦੇ ਬਾਹਰ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ।ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪਾਂ ਵੀ ਹੋਈਆਂ, ਜਿਸ 'ਚ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇਲ ਅਵੀਵ ’ਚ ਨੇਤਨਯਾਹੂ ਦੀ ਲਿਕੁਡ ਪਾਰਟੀ ਦੇ ਦਫ਼ਤਰ ਦੇ ਬਾਹਰ ਵੀ ਹਜ਼ਾਰਾਂ ਲੋਕ ਮਾਰਚ ਕਰ ਰਹੇ ਸਨ।

ਗਾਜ਼ਾ ’ਚ ਜੰਗਬੰਦੀ ਨੂੰ ਲੈ ਕੇ ਨੇਤਨਯਾਹੂ ਦੇ ਸਖ਼ਤ ਰੁਖ਼ ਕਾਰਨ ਸ਼ਾਂਤੀ ਵਾਰਤਾ ’ਚ ਮੁਸ਼ਕਲਾਂ ਵਧ ਗਈਆਂ ਹਨ।  ਹਮਾਸ ਨੇ ਇਜ਼ਰਾਈਲ 'ਤੇ ਫਿਲਾਡੇਲਫੀਆ ਗਲਿਆਰੇ 'ਤੇ ਸਥਾਈ ਇਜ਼ਰਾਈਲੀ ਕੰਟਰੋਲ ਅਤੇ ਗਾਜ਼ਾ ਦੇ ਹੋਰ ਸਥਾਨਾਂ 'ਤੇ ਕੰਟ੍ਰੋਲਰ ਦੀ ਮੰਗ ਕਰਕੇ ਗੱਲਬਾਤ ਨੂੰ ਬਾਹਰ ਕੱਢਣ ਦਾ ਦੋਸ਼ ਲਗਾਇਆ ਹੈ। ਹਮਾਸ ਨੇ ਸੰਘਰਸ਼ ਨੂੰ ਖਤਮ ਕਰਨ ਦੇ ਬਦਲੇ ਫਿਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਬੰਧਕਾਂ ਦੀ ਸੁਰੱਖਿਅਤ ਵਾਪਸੀ ਦੀ ਪੇਸ਼ਕਸ਼ ਕੀਤੀ ਹੈ ਪਰ ਨੇਤਨਯਾਹੂ ਨੇ ਇਸ ’ਤੇ ਪੂਰੀ ਤਰ੍ਹਾਂ ਸਹਿਮਤ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-36 ਪਾਸਪੋਰਟਾਂ ਵਾਲਾ ਵਿਅਕਤੀ ਗ੍ਰਿਫਤਾਰ

ਇਜ਼ਰਾਇਲੀ ਮੀਡੀਆ ਨੇ ਖੁਲਾਸਾ ਕੀਤਾ ਹੈ ਕਿ ਨੇਤਨਯਾਹੂ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਵਿਚਾਲੇ ਵੀ ਮਤਭੇਦ ਸਾਹਮਣੇ ਆਏ ਹਨ। ਗੈਲੈਂਟ ਦਾ ਮੰਨਣਾ ਹੈ ਕਿ ਹੁਣ ਜੰਗਬੰਦੀ ਦਾ ਸਹੀ ਸਮਾਂ ਹੈ, ਜਦੋਂ ਕਿ ਨੇਤਨਯਾਹੂ ਫਿਲਾਡੇਲਫੀਆ ਕੋਰੀਡੋਰ 'ਤੇ ਕੰਟ੍ਰੋਲ  ਬਣਾਈ ਰੱਖਣ 'ਤੇ ਅੜੇ ਰਹੇ। ਸੁਰੱਖਿਆ ਮੰਤਰੀ ਮੰਡਲ ਦੀ ਮੀਟਿੰਗ ’ਚ ਦੋਵਾਂ ਦਰਮਿਆਨ  ਗਰਮ ਬਹਿਸ ਵੀ ਹੋਈ, ਜਿੱਥੇ ਗੈਲੈਂਟ ਨੇ ਨੇਤਨਯਾਹੂ ਦੇ ਪ੍ਰਸਤਾਵ ਦੇ ਵਿਰੁੱਧ ਇਕੋ ਇਕ ਵੋਟ ਪਾਈ। ਇਸ ਦੌਰਾਨ, ਇਜ਼ਰਾਈਲੀ ਫੌਜ ਨੇ ਕਿਹਾ ਕਿ ਗਾਜ਼ਾ ’ਚ ਮ੍ਰਿਤਕ ਪਾਏ ਗਏ 6 ਬੰਧਕਾਂ ਨੂੰ ਹਮਾਸ ਨੇ ਸੁਰੰਗ ’ਚ ਮਾਰ ਦਿੱਤਾ ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ। ਹਮਾਸ ਦੇ ਅਧਿਕਾਰੀ ਖਲੀਲ ਅਲ-ਹਯਾ ਨੇ ਕਿਹਾ ਕਿ ਨੇਤਨਯਾਹੂ ਬੰਧਕਾਂ ਦੀ ਰਿਹਾਈ ਨਾਲੋਂ ਫਿਲਾਡੇਲਫੀਆ ਗਲਿਆਰੇ ਨੂੰ ਜ਼ਿਆਦਾ ਮਹੱਤਵਪੂਰਨ ਸਮਝਦੇ ਹਨ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News