ਨੇਪਾਲ ''ਚ ਕੋਰੋਨਾ ਵਾਇਰਸ ਦੇ 426 ਨਵੇਂ ਮਾਮਲੇ, ਕੁੱਲ ਮਾਮਲੇ ਹੋਏ 8,274

06/19/2020 9:03:32 PM

ਕਾਠਮੰਡੂ(ਭਾਸ਼ਾ):  ਨੇਪਾਲ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 426 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਦੇਸ਼ ਵਿਚ ਕੁੱਲ ਗਿਣਤੀ ਵਧਕੇ 8,274 ਹੋ ਗਈ। ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਇਨਫੈਕਸ਼ਨ ਦੇਸ਼ ਦੇ ਕੁੱਲ 77 ਜ਼ਿਲਿਆਂ ਵਿਚੋਂ 74 ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਮਿਆਦ ਵਿਚ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਤੋਂ 9 ਔਰਤਾਂ ਸਣੇ 216 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਨੂੰ ਮਿਲਾ ਕੇ ਦੇਸ਼ ਵਿਚ ਹੁਣ ਤੱਕ 1,402 ਲੋਕ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ।

ਮੰਤਰਾਲਾ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਚ ਕੋਵਿਡ-19 ਦੇ ਕੁੱਲ 6,850 ਮਰੀਜ਼ ਇਲਾਜ ਅਧੀਨ ਹਨ। ਇਸ ਬੀਮਾਰੀ ਦੇ ਕਾਰਣ ਦੇਸ਼ ਵਿਚ ਹੁਣ ਤੱਕ 22 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਹੁਣ ਤੱਕ 1,61,749 ਨਮੂਨਿਆਂ ਦੀ ਜਾਂਚ ਕਰ ਚੁੱਕਾ ਹੈ, ਜਿਨ੍ਹਾਂ ਵਿਚੋਂ 6,231 ਨਮੂਨਿਆਂ ਦੀ ਜਾਂਚ ਬੀਤੇ 24 ਘੰਟਿਆਂ ਦੌਰਾਨ ਕੀਤੀ ਗਈ। ਸਿਹਤ ਅਧਿਕਾਰੀਆਂ ਮੁਤਾਬਕ ਭਾਰਤ ਨਾਲ ਲੱਗੇ ਦੱਖਣੀ ਨੇਪਾਲ ਦੇ ਕੁੱਝ ਸਰਹੱਦੀ ਜ਼ਿਲਿਆਂ ਵਿਚ ਸਥਾਨਕ ਭਾਈਚਾਰਕ ਪ੍ਰਸਾਰ ਦੇ ਕਾਰਣ ਕੋਰੋਨਾ ਵਾਇਰਸ ਇਨਫੈਕਸ਼ਨ ਤੀਜੇ ਪੱਧਰ 'ਤੇ ਪਹੁੰਚ ਗਿਆ ਹੈ। ਕਾਠਮੰਡੂ ਘਾਟੀ ਵਿਚ ਹਾਲਾਂਕਿ ਇਹ ਹੁਣ ਵੀ ਪਹਿਲੇ ਪੜਾਅ ਵਿਚ ਹੈ ਤੇ ਕੁਝ ਸਥਾਨਾਂ 'ਤੇ ਦੂਜੇ ਪੜਾਅ ਵਿਚ।


Baljit Singh

Content Editor

Related News