ਨੇਪਾਲ ''ਚ ਇਸ ਸਾਲ 1,20,000 ਤੋਂ ਵੱਧ ਸੈਲਾਨੀ ਆਏ, ਜਿਨ੍ਹਾਂ ''ਚ ਸਭ ਤੋਂ ਜ਼ਿਆਦਾ ਭਾਰਤੀ ਹਨ ਸ਼ਾਮਲ
Thursday, Mar 02, 2023 - 10:00 AM (IST)
ਕਾਠਮੰਡੂ (ਭਾਸ਼ਾ)- ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਵਿਚ ਬਾਹਰੋਂ 1,20,000 ਤੋਂ ਵੱਧ ਸੈਲਾਨੀ ਨੇਪਾਲ ਆਏ। ਫਰਵਰੀ ਵਿਚ ਆਏ ਵਿਦੇਸ਼ੀ ਸੈਲਾਨੀਆਂ ਵਿਚ ਜ਼ਿਆਦਾਤਰ ਭਾਰਤੀ ਸਨ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਵਿਡ-19 ਮਹਾਮਾਰੀ ਦੇ ਕਾਰਨ 3 ਸਾਲ ਪਹਿਲਾਂ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਵਿਚ ਵੱਖ-ਵੱਖ ਦੇਸ਼ਾਂ ਵੱਲੋਂ ਢਿੱਲ ਦਿੱਤੇ ਜਾਣ ਦੇ ਨਾਲ ਹੀ ਨੇਪਾਲ ਵਿਚ ਸੈਲਾਨੀਆਂ ਦੀ ਗਿਣਤੀ ਵਧੀ ਹੈ।
ਨੇਪਾਲ ਟੂਰਿਜ਼ਮ ਬੋਰਡ (ਐੱਨ. ਟੀ. ਬੀ.) ਦੇ ਅਨੁਸਾਰ, ਇਸ ਸਾਲ ਦੇ ਪਹਿਲੇ 2 ਮਹੀਨਿਆਂ ਵਿਚ 1,28,329 ਯਾਤਰੀ ਹਵਾਈ ਜਹਾਜ਼ ਰਾਹੀਂ ਪਹੁੰਚੇ। ਫਰਵਰੀ ਵਿਚ 73,255 ਸੈਲਾਨੀ ਆਏ ਸਨ। ਫਰਵਰੀ ਦਾ ਅੰਕੜਾ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ਵਿਚ 270 ਫ਼ੀਸਦੀ ਜ਼ਿਆਦਾ ਹੈ। ਐੱਨ. ਟੀ. ਬੀ. ਮੁਤਾਬਕ ਪਿਛਲੇ ਮਹੀਨੇ ਭਾਰਤ ਤੋਂ ਸਭ ਤੋਂ ਵੱਧ ਸੈਲਾਨੀ ਆਏ, ਜਿਨ੍ਹਾਂ ਦੀ ਗਿਣਤੀ 18,401 ਸੀ। ਇਸ ਤੋਂ ਬਾਅਦ ਸਭ ਤੋਂ ਵੱਧ 7,887 ਸੈਲਾਨੀ ਅਮਰੀਕਾ ਤੋਂ ਆਏ। ਇਸ ਸਾਲ ਫਰਵਰੀ 'ਚ 2266 ਚੀਨੀ ਸੈਲਾਨੀ ਨੇਪਾਲ ਆਏ।