ਨੇਪਾਲ: ਵਿਰੋਧ ਪ੍ਰਦਰਸ਼ਨਾਂ ਵਿਚਕਾਰ ਓਲੀ ਦੇ ਸਮਰਥਕਾਂ ਨੇ ਕੀਤੀ ਵੱਡੀ ਰੈਲੀ

Saturday, Feb 06, 2021 - 05:14 PM (IST)

ਕਾਠਮੰਡੂ- ਸਿਆਸੀ ਸੰਕਟ ਵਿਚ ਫਸੇ ਨੇਪਾਲ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੇ ਵਿਰੋਧ ਵਿਚ ਵੱਧਦੇ ਪ੍ਰਦਰਸ਼ਨਾਂ ਵਿਚਕਾਰ ਕਾਠਮੰਡੂ ਵਿਚ ਸ਼ੁੱਕਰਵਾਰ ਨੂੰ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਸਮਰਥਨ ਵਿਚ ਰੈਲੀ ਕੀਤੀ, ਜਿਸ ਨੂੰ ਓਲੀ ਨੇ ਵੀ ਸੰਬੋਧਨ ਕੀਤਾ । ਇਸ ਦੌਰਾਨ ਓਲੀ ਸੰਸਦ ਭੰਗ ਕਰਨ ਦੇ ਆਪਣੇ ਫ਼ੈਸਲੇ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਘੋਸ਼ਣਾ ਦਾ ਬਚਾਅ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਓਲੀ ਦੇ ਵਿਰੋਧੀ ਨੇਤਾ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਵੱਡੀ ਸਰਕਾਰ ਵਿਰੋਧੀ ਰੈਲੀ ਕੀਤੀ ਸੀ। 

ਰਾਜਧਾਨੀ ਵਿਚ ਅੱਜ ਹੋਈ ਇਸ ਰੈਲੀ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਓਲੀ ਨੂੰ ਹੁਣ ਵੀ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਕਾਠਮੰਡੂ ਦੇ ਮੱਧ ਵਿਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਆਪਣੇ ਹੱਥਾਂ ਵਿਚ ਲਾਲ ਰੰਗ ਦੇ ਕਮਿਊਨਿਸਟ ਝੰਡੇ ਫੜ੍ਹੇ ਸਨ ਅਤੇ ਉਹ ਓਲੀ ਦੇ ਸਮਰਥਨ ਵਿਚ ਨਾਅਰੇ ਲਾ ਰਹੇ ਸਨ। ਭੀੜ ਵਾਰ-ਵਾਰ ਕਹਿ ਰਹੀ ਸੀ ਕਿ ਉਹ ਲੋਕ ਓਲੀ ਨੂੰ ਪਿਆਰ ਕਰਦੇ ਹਨ, ਉਹ ਉਨ੍ਹਾਂ ਦੇ ਹੀਰੋ ਹਨ ਤੇ ਅਗਲੇ 10 ਸਾਲਾਂ ਤੱਕ ਉਹ ਪ੍ਰਧਾਨ ਮੰਤਰੀ ਰਹਿਣਗੇ। ਓਲੀ ਦੇ ਗੁੱਟ ਨੇ ਇਹ ਰੈਲੀ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਪ੍ਰਚੰਡ ਅਤੇ ਮਾਧਵ ਕੁਮਾਰ ਨੇਪਾਲ ਦੀ ਅਗਵਾਈ ਵਾਲੇ ਵੱਖਰੇ ਧੜੇ ਵਲੋਂ ਕੀਤੇ ਜਾ ਰਹੇ ਧਰਨਾ-ਪ੍ਰਦਰਸ਼ਨਾਂ ਦੇ ਜਵਾਬ ਵਿਚ ਕੀਤੀ। 

ਨੇਪਾਲ ਕਮਿਊਨਿਸਟ ਪਾਰਟੀ ਦੇ ਵੱਖਰੇ ਧੜੇ ਤੇ ਵਿਰੋਧੀ ਦਲ ਨੇ ਪਿਛਲੇ ਸਾਲ 20 ਦਸੰਬਰ ਨੂੰ ਸੰਸਦ ਭੰਗ ਕੀਤੇ ਜਾਣ ਅਤੇ ਆਉਣ ਵਾਲੀ 30 ਅਪ੍ਰੈਲ ਅਤੇ 10 ਮਈ ਨੂੰ ਨਵੀਆਂ ਚੋਣਾਂ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਦੇ ਬਾਅਦ ਤੋਂ ਹੀ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਓਲੀ ਦਾ ਕਹਿਣਾ ਹੈ ਕਿ ਕੁਝ ਨੇਤਾਵਾਂ ਨੇ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਕੋਲ ਕੋਈ ਹੋਰ ਹੱਲ ਨਹੀਂ ਹੈ। 


Lalita Mam

Content Editor

Related News