ਨੇਪਾਲ ਜਲਦ ਹੀ ਬਹਾਲ ਕਰਨ ਜਾ ਰਿਹੈ ਕੌਮਾਂਤਰੀ ਤੇ ਘਰੇਲੂ ਉਡਾਣਾਂ

Friday, Jul 17, 2020 - 05:33 PM (IST)

ਨੇਪਾਲ ਜਲਦ ਹੀ ਬਹਾਲ ਕਰਨ ਜਾ ਰਿਹੈ ਕੌਮਾਂਤਰੀ ਤੇ ਘਰੇਲੂ ਉਡਾਣਾਂ

ਕਾਠਮੰਡੂ— ਨੇਪਾਲ ਸਰਕਾਰ ਦੇਸ਼ 'ਚ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ 'ਚ ਨਿਰੰਤਰ ਸੁਧਾਰ ਦੇ ਮੱਦੇਨਜ਼ਰ ਅਗਲੇ ਮਹੀਨੇ ਤੋਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।

ਮੰਤਰੀ ਯੋਗੇਸ਼ ਭੱਟਾਰਾਈ ਦੇ ਨੇੜਲੇ ਅਧਿਕਾਰੀ ਨੇ ਦੱਸਿਆ ਕਿ ਸੈਰ ਸਪਾਟਾ ਮੰਤਰਾਲਾ 5 ਅਗਸਤ ਤੋਂ ਘਰੇਲੂ ਉਡਾਣਾਂ ਅਤੇ 17 ਅਗਸਤ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਉਡਾਣ ਰਾਜਧਾਨੀ ਕਾਠਮੰਡੂ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਹਫਤੇ ਨੇਪਾਲ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ 6,000 ਦੀ ਗਿਰਾਵਟ ਵੇਖੀ ਗਈ। ਨੇਪਾਲ 'ਚ ਕੋਵਿਡ-19 ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 64.85 ਫੀਸਦੀ ਹੈ।

ਨੇਪਾਲ 'ਚ ਹੁਣ ਤੱਕ ਸੰਕਰਮਣ ਦੇ ਕੁੱਲ 17,344 ਮਾਮਲੇ ਸਾਹਮਣੇ ਆਏ ਹਨ। ਅਧਿਕਾਰੀ ਨੇ ਕਿਹਾ ਕਿ ਸੈਰ-ਸਪਾਟਾ ਮੰਤਰਾਲਾ ਉਪ ਪ੍ਰਧਾਨ ਮੰਤਰੀ ਈਸ਼ਵਰ ਪੋਖਰਲੇ ਦੀ ਅਗਵਾਈ ਵਾਲੇ ਕੋਵਿਡ-19 ਪ੍ਰਬੰਧਨ ਕੇਂਦਰ ਨੂੰ ਅਗਲੇ ਮਹੀਨੇ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਸੁਝਾਅ ਦੇਵੇਗਾ। ਹਵਾਈ ਸੇਵਾਵਾਂ ਨੂੰ ਬਹਾਲ ਕਰਨ ਲਈ ਕੈਬਨਿਟ ਦੀ ਮਨਜ਼ੂਰੀ ਦੀ ਲੋੜ ਹੈ। ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਨੇਪਾਲ ਸਰਕਾਰ ਨੇ ਮਾਰਚ ਦੇ ਤੀਜੇ ਹਫ਼ਤੇ 'ਚ ਉਡਾਣਾਂ 'ਤੇ ਪਾਬੰਦੀ ਲਾਈ ਸੀ। ਹਵਾਈ ਸੇਵਾਵਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਸੈਰ ਸਪਾਟਾ ਸੈਕਟਰ ਨੂੰ ਜੀਵਨਦਾਨ ਮਿਲਣ ਦੀ ਸੰਭਾਵਨਾ ਹੈ। ਨੇਪਾਲ ਦੀ ਆਰਥਿਕਤਾ ਦਾ ਵੱਡਾ ਹਿੱਸਾ ਸੈਰ-ਸਪਾਟਾ 'ਤੇ ਨਿਰਭਰ ਹੈ।


author

Sanjeev

Content Editor

Related News