ਨੇਪਾਲ ''ਚ ਫ਼ਿਰ ਵਧਿਆ ਤਣਾਅ ! ਕਰਫਿਊ ''ਚ ਵਾਧਾ, ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ
Tuesday, Jan 06, 2026 - 03:04 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ 'ਚ ਪਿਛਲੇ ਲੰਮੇ ਸਮੇਂ ਤੋਂ ਪੈਦਾ ਹੋਇਆ ਤਣਾਅ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਨੇਪਾਲ ਦੇ ਸ਼ਹਿਰ ਬੀਰਗੰਜ ਵਿੱਚ ਇੱਕ ਟਿਕਟੌਕ ਵੀਡੀਓ ਕਾਰਨ ਪੈਦਾ ਹੋਏ ਧਾਰਮਿਕ ਤਣਾਅ ਦੇ ਮੱਦੇਨਜ਼ਰ ਕਰਫਿਊ ਦੀ ਮਿਆਦ ਵਧਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਪਰਸਾ ਨੇ ਪਹਿਲਾਂ ਸੋਮਵਾਰ ਸ਼ਾਮ 6 ਵਜੇ ਤੋਂ ਮੰਗਲਵਾਰ ਸਵੇਰੇ 8 ਵਜੇ ਤੱਕ ਕਰਫਿਊ ਲਗਾਇਆ ਸੀ, ਜਿਸ ਨੂੰ ਹੁਣ ਸਥਿਤੀ ਬੇਕਾਬੂ ਹੋਣ ਕਾਰਨ ਮੰਗਲਵਾਰ ਦੁਪਹਿਰ ਤੱਕ ਵਧਾ ਦਿੱਤਾ ਗਿਆ ਹੈ। ਇਹ ਕਰਫਿਊ ਬੀਰਗੰਜ ਮਹਾਨਗਰ ਦੇ ਚਾਰ ਮੁੱਖ ਹਿੱਸਿਆਂ (ਬੱਸ ਪਾਰਕ, ਨਗਵਾ, ਇਨਰਵਾ; ਸਿਰਸੀਆ ਨਦੀ; ਗੰਡਕ ਚੌਕ; ਅਤੇ ਸ਼ੰਕਰਾਚਾਰੀਆ ਗੇਟ) ਦੇ ਅੰਦਰ ਲਾਗੂ ਹੈ।
ਜ਼ਿਕਰਯੋਗ ਹੈ ਕਿ ਇਹ ਵਿਵਾਦ ਧਨੁਸ਼ਾ ਦੀ ਕਮਲਾ ਨਗਰਪਾਲਿਕਾ ਵਿੱਚ ਦੋ ਨੌਜਵਾਨਾਂ, ਹੈਦਰ ਅੰਸਾਰੀ ਅਤੇ ਅਮਾਨਤ ਅੰਸਾਰੀ ਵੱਲੋਂ ਟਿਕਟੋਕ 'ਤੇ ਪਾਈ ਗਈ ਇੱਕ ਧਾਰਮਿਕ ਟਿੱਪਣੀ ਵਾਲੀ ਵੀਡੀਓ ਤੋਂ ਸ਼ੁਰੂ ਹੋਇਆ ਸੀ। ਇਸ ਵੀਡੀਓ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜੇ, ਨਾਅਰੇਬਾਜ਼ੀ ਕੀਤੀ ਅਤੇ ਇੱਕ ਮਸਜਿਦ ਵਿੱਚ ਭੰਨਤੋੜ ਵੀ ਕੀਤੀ ਗਈ।
ਪ੍ਰਸ਼ਾਸਨ ਨੇ ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦੇ ਇਕੱਠ, ਰੈਲੀ ਜਾਂ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਕਰਫਿਊ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਜਿਵੇਂ ਕਿ ਐਂਬੂਲੈਂਸਾਂ, ਸਿਹਤ ਕਰਮਚਾਰੀ, ਮੀਡੀਆ, ਫਾਇਰ ਬ੍ਰਿਗੇਡ ਅਤੇ ਹਵਾਈ ਯਾਤਰੀਆਂ ਨੂੰ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ।
