ਨੇਪਾਲ : ਪਿਛਲੇ 11 ਦਿਨਾਂ ਵਿਚ ਤਿੰਨ ਗੁਣਾ ਹੋਏ ਕੋਰੋਨਾ ਪੀੜਤਾਂ ਦੇ ਮਾਮਲੇ
Monday, May 18, 2020 - 02:48 PM (IST)

ਕਾਠਮੰਡੂ- ਨੇਪਾਲ ਵਿਚ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 304 ਹੋ ਗਈ ਹੈ। ਨੇਪਾਲ ਦੇ ਸਿਹਤ ਤੇ ਜਨਸੰਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਕੁਝ ਦਿਨਾਂ ਤੋਂ ਨੇਪਾਲ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ। ਲਗਭਗ 11 ਕੁ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਮੰਤਰਾਲੇ ਮੁਤਾਬਕ ਦੱਖਣ-ਪੂਰਬੀ ਰਾਵਤਹਾਟ ਜ਼ਿਲੇ ਦੇ 8 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਇਹ ਸਾਰੇ 21 ਤੋਂ 30 ਸਾਲ ਦੀ ਉਮਰ ਦੇ ਹਨ। ਇਕ 28 ਸਾਲਾ ਔਰਤ ਦਾ ਵੀ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਮੰਤਰਾਲੇ ਮੁਤਾਬਕ ਬਾਰਾ ਜ਼ਿਲ੍ਹੇ ਦਾ ਇਕ 38 ਸਾਲਾ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਿਆ ਹੈ।
ਐਤਵਾਰ ਨੂੰ ਬਾਕੇ ਜ਼ਿਲੇ ਵਿਚ 25 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਜੋ ਦੇਸ਼ ਵਿਚ ਦੂਜੀ ਮੌਤ ਦਰਜ ਹੋਈ ਹੈ। ਇਸ ਤੋਂ ਇਕ ਦਿਨ ਪਹਿਲਾਂ ਇਕ ਔਰਤ ਦੀ ਮੌਤ ਕੋਰੋਨਾ ਕਾਰਨ ਹੋਣ ਦੀ ਪੁਸ਼ਟੀ ਹੋਈ ਸੀ। ਇਹ ਔਰਤ ਬੱਚੇ ਨੂੰ ਜਨਮ ਦੇ ਕੇ ਆਪਣੇ ਘਰ ਵਾਪਸ ਪੁੱਜੀ ਤੇ ਉਸ ਨੂੰ ਬੁਖਾਰ ਹੋ ਗਿਆ। ਜਦ ਉਸ ਨੂੰ ਹਸਪਤਾਲ ਭਰਤੀ ਕਰਨ ਲਈ ਲੈ ਜਾਇਆ ਜਾ ਰਿਹਾ ਸੀ ਤਾਂ ਰਾਹ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਬਾਅਦ ਵਿਚ ਜਾਂਚ ਤੋਂ ਪਤਾ ਲੱਗਾ ਕਿ ਉਹ ਕੋਰੋਨਾ ਦੀ ਸ਼ਿਕਾਰ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਨੇਪਾਲ ਵਿਚ 24 ਮਾਰਚ ਤੋਂ ਲਾਕਡਾਊਨ ਲਾਗੂ ਹੈ, ਜਿਸ ਨੂੰ ਹੁਣ 2 ਜੂਨ ਤਕ ਵਧਾ ਦਿੱਤਾ ਗਿਆ ਹੈ। ਲਾਕਡਾਊਨ ਦੌਰਾਨ ਦੇਸ਼ ਵਿਚ ਜ਼ਮੀਨੀ ਅਤੇ ਹਵਾਈ ਸੇਵਾਵਾਂ ਬੰਦ ਹਨ। ਦੇਸ਼ ਵਿਚ ਖਾਣ-ਪੀਣ, ਮੈਡੀਕਲ ਅਤੇ ਨਿਰਮਾਣ ਨਾਲ ਸਬੰਧਤ ਉਦਯੋਗਾਂ ਅਤੇ ਸੇਵਾਵਾਂ ਨੂੰ ਛੱਡ ਕੇ ਹੋਰ ਸਾਰੀਆਂ ਸੇਵਾਵਾਂ ਬੰਦ ਹਨ।