ਦਰਸ਼ਕਾਂ ਦੀ ਮੰਗ ਅੱਗੇ ਝੁਕਿਆ ਨੇਪਾਲ, ਭਾਰਤੀ ਨਿਊਜ਼ ਚੈਨਲਾਂ ਤੋਂ ਪਾਬੰਦੀ ਹਟਾਈ

07/13/2020 9:58:50 PM

ਕਾਠਮੰਡੂ : ਨੇਪਾਲ ਦੇ ਕੇਬਲ ਆਪ੍ਰੇਟਰਾਂ ਨੇ ਓਲੀ ਸਰਕਾਰ ਦੇ ਇਸ਼ਾਰੇ 'ਤੇ ਭਾਰਤ ਦੇ ਨਿਊਜ਼ ਚੈਨਲਾਂ 'ਤੇ ਲਗਾਈ ਗਈ ਪਾਬੰਦੀ ਨੂੰ ਹਟਾ ਲਿਆ ਹੈ। ਐਤਵਾਰ ਸ਼ਾਮ ਨੂੰ ਨੇਪਾਲ 'ਚ ਭਾਰਤੀ ਚੈਨਲਾਂ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ। ਮੈਕਸ ਡਿਜੀਟਲ ਟੈਲੀਵਿਜ਼ਨ ਦੇ ਵਾਇਸ ਚੇਅਰਪਰਸਨ ਧੁਰਬਾ ਸ਼ਰਮਾ ਨੇ ਕੇਬਲ ਆਪ੍ਰੇਟਰਾਂ ਨਾਲ ਬੈਠਕ ਤੋਂ ਬਾਅਦ ਇਸ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਕੀਤਾ। ਸ਼ਰਮਾ ਨੇ ਦੱਸਿਆ ਕਿ ਕੁੱਝ ਇਤਰਾਜ਼ਯੋਗ ਪ੍ਰੋਗਰਾਮ ਦਿਖਾਉਣ ਵਾਲੇ ਚੈਨਲਾਂ ਦੇ ਪ੍ਰਸਾਰਣ 'ਤੇ ਅਜੇ ਵੀ ਪਾਬੰਦੀ ਲੱਗੀ ਹੋਈ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਚੀਨੀ ਰਾਜਦੂਤ ਨੂੰ ਲੈ ਕੇ ਕੀਤੀ ਗਈ ਕਵਰੇਜ ਤੋਂ ਨਰਾਜ਼ ਹੋ ਕੇ ਸਰਕਾਰ ਨੇ ਦੇਸ਼ 'ਚ ਭਾਰਤੀ ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਸ਼ਰਮਾ ਨੇ ਕਿਹਾ ਕਿ ਕੁੱਝ ਚੈਨਲ ਜੋ ਇਤਰਾਜ਼ਯੋਗ ਪ੍ਰੋਗਰਾਮ ਦਿਖਾ ਰਹੇ ਹਨ, ਉਹ ਅਜੇ ਵੀ ਨੇਪਾਲ 'ਚ ਪਾਬੰਦੀਸ਼ੁਦਾ ਹਨ। ਮਾਈ ਰਿਪਬਲਿਕਾ ਦੀ ਰਿਪੋਰਟ ਮੁਤਾਬਕ ਵੱਡੀ ਗਿਣਤੀ 'ਚ ਨੇਪਾਲੀ ਦਰਸ਼ਕਾਂ ਨੇ ਭਾਰਤੀ ਨਿਊਜ਼ ਚੈਨਲਾਂ ਨੂੰ ਸਬਸਕ੍ਰਾਇਬ ਕਰ ਰੱਖਿਆ ਹੈ ਅਤੇ ਉਨ੍ਹਾਂ ਦੇ ਦਬਾਅ ਦੇ ਅੱਗੇ ਝੁਕਦੇ ਹੋਏ ਨੇਪਾਲ ਦੇ ਕੇਬਲ ਆਪ੍ਰੇਟਰਾਂ ਨੂੰ ਮਜ਼ਬੂਰਨ ਇਹ ਫੈਸਲਾ ਲੈਣਾ ਪਿਆ ਹੈ।

ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਭਾਰਤੀ ਨਿਊਜ਼ ਚੈਨਲਾਂ ਨੂੰ ਨੇਪਾਲ 'ਚ ਪ੍ਰਸਾਰਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜੇਕਰ ਉਨ੍ਹਾਂ ਨੇ ਮੁੜ ਇਤਰਾਜ਼ਯੋਗ ਪ੍ਰੋਗਰਾਮ ਦਿਖਾਇਆ ਤਾਂ ਉਨ੍ਹਾਂ ਨੂੰ ਫਿਰ ਬੈਨ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਨੇਪਾਲ ਨੇ ਸਰਹੱਦ ਵਿਵਾਦ ਤੋਂ ਬਾਅਦ ਕਾਰਵਾਈ ਕਰਦੇ ਹੋਏ ਭਾਰਤੀ ਨਿਊਜ਼ ਟੀ.ਵੀ. ਚੈਨਲਾਂ ਦੇ ਪ੍ਰਸਾਰਣ 'ਤੇ ਰੋਕ ਲਗਾ ਦਿੱਤੀ ਸੀ।


Inder Prajapati

Content Editor

Related News