ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-8)

Friday, May 15, 2020 - 11:21 AM (IST)

ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-8)

ਲੇਖਕ – ਗੁਰਤੇਜ ਸਿੰਘ ਕੱਟੂ
98155 94197

ਜਦੋਂ ਨੈਲਸਨ ਮੰਡੇਲਾ ’ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ

ਸਰਕਾਰ ਆਪਣੀ ਸੱਤਾ ਦਾ ਜ਼ੋਰ ਦਿਨੋ ਦਿਨ ਵਧਾ ਰਹੀ ਸੀ। ਸਰਕਾਰ ਨੇ ਹੁਣ ਸ਼ਹਿਰ ਤੋਂ 13 ਕੁ ਮੀਲ ਦੂਰ ਨੈਸ਼ਨਲਿਸਟ ਪਾਰਟੀ ਦੀ ਡੀਲੈਂਡ ਨਾਮਕ ਜਗ੍ਹਾ ਖੋਹ ਲਈ। ਸਰਕਾਰ ਸੋਫੀਆ ਟਾਊਟ ਅਤੇ ਦੂਸਰੀਆਂ ਹੋਰ ਬਸਤੀਆਂ ਵਿਚੋਂ ਲੋਕਾਂ ਨੂੰ ਹਟਾ ਕੇ ਸ਼ਹਿਰ ਤੋਂ ਦੂਰ ਡੀਲੈਂਡ ਨਾਮ ਜਗ੍ਹਾ ’ਚ ਵਸਾਉਣਾ ਚਾਹੁੰਦੀ ਸੀ ਤਾਂ ਕਿ ਸਰਕਾਰ ਪੱਛਮੀ ਇਲਾਕਿਆਂ ਨੂੰ ਖਾਲੀ ਕਰਵਾ ਕੇ ਇਨ੍ਹਾਂ ਇਲਾਕਿਆਂ ਵਿਚੋਂ ਅਫ਼ਰੀਕੀਆਂ ਨੂੰ ਕੱਢ ਕੇ ਏਥੇ ਗੋਰਿਆਂ ਨੂੰ ਵਸਾ ਸਕੇ। ਇਨ੍ਹਾਂ ਪੱਛਮੀ ਇਲਾਕਿਆਂ ਵਿਚ 60 ਹਜ਼ਾਰ ਤੋਂ ਲੈ ਕੇ 1 ਲੱਖ ਦੇ ਕਰੀਬ ਅਫ਼ਰੀਕੀ ਵਸਦੇ ਸਨ। ਸਰਕਾਰ ਦਾ ਬਹਾਨਾ ਤਾਂ ਭਾਵੇਂ ਗੰਦੀਆਂ ਬਸਤੀਆਂ ਹਟਾਉਣ ਦਾ ਸੀ ਪਰ ਅਸਲ ਵਿਚ ਸਰਕਾਰ ਦੀ ਉਹ ਅਦਿੱਖ ਨੀਤੀ ਸੀ, ਜਿਸ ਮੁਤਾਬਿਕ ਸਾਰੇ ਸ਼ਹਿਰੀ ਇਲਾਕਿਆਂ ਨੂੰ ਗੋਰਿਆਂ ਦੇ ਹਵਾਲੇ ਕਰ ਦੇਣਾ ਸੀ।

ਸੋਫੀਆ ਟਾਊਨ ਨੂੰ ਉਜਾੜਨ ਦੀ ਮੁਹਿੰਮ ਸਰਕਾਰ ਨੇ 1950 ਤੋਂ ਹੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਤਿੰਨ ਸਾਲਾਂ ਬਾਅਦ ਸਰਕਾਰ ਨੇ ਇਸ ’ਤੇ ਹੋਰ ਜ਼ੋਰ ਵਧਾ ਦਿੱਤਾ ਸੀ।

ਏ.ਐੱਨ.ਸੀ. (ਅਫ਼ਰੀਕਨ ਨੈਸ਼ਨਲ ਕਾਂਗਰਸ) ਅਤੇ ਇਸਦੇ ਸਹਿਯੋਗੀਆਂ ਲਈ ਇਕ ਨਵੇਂ ਇਮਤਿਹਾਨ ਦਾ ਮੌਕਾ ਪੈਦਾ ਹੋਇਆ।

ਏ.ਐੱਨ.ਸੀ. ਨੇ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ। ਸਰਕਾਰ ਦੇ ਇਸ ਫੈਸਲੇ ਵਿਰੁੱਧ ਜੂਨ 1953 ‘ਓਡੀਅਨ’ ਸਿਨੇਮਾ ਘਰ ਵਿਚ ਇਕ ਮੀਟਿੰਗ ਰੱਖੀ ਗਈ, ਜਿਸ ਵਿਚ ਲੋਕਾਂ ਦਾ ਭਾਰੀ ਇਕੱਠ ਠਾਠਾਂ ਮਾਰ ਰਿਹਾ ਸੀ। ਹਥਿਆਰਬੰਦ ਪੁਲਸ ਦੇ ਭਾਰੀ ਬੰਦੋਬਸਤ ਦੇ ਬਾਵਜੂਦ ਵੀ ਏਥੇ ਕੋਈ 1200 ਦੇ ਕਰੀਬ ਲੋਕ ਇਕੱਠੇ ਹੋ ਗਏ। ਲੋਕ ਬੇਖ਼ੌਫ਼ ਅਤੇ ਪੂਰੇ ਜੋਸ਼ ਵਿਚ ਸਨ।

ਭੀੜ ਪੁਲਸ ਦੇ ਖ਼ਿਲਾਫ਼ ਉੱਚੀ-ਉੱਚੀ ਨਾਅਰੇ ਲਾ ਰਹੀ ਸੀ। ਲੋਕਾਂ ਦਾ ਇਕੱਠ ਬੇਕਾਬੂ ਹੁੰਦਾ ਜਾ ਰਿਹਾ ਸੀ। ਹਾਲਾਤ ਇੰਨੇ ਖ਼ਰਾਬ ਬਣਦੇ ਜਾ ਰਹੇ ਸੀ ਕਿ ਪੁਲਸ ਕਦੇ ਵੀ ਨਿਹੱਥੇ ਲੋਕਾਂ ’ਤੇ ਗੋਲੀ ਚਲਾ ਸਕਦੀ ਸੀ ਪਰ ਐਨ ਵਕਤ ਸਿਰ ਨੈਲਸਨ ਨੇ ਲੋਕਾਂ ਨੂੰ ਥੋੜਾ ਸ਼ਾਂਤ ਕਰਨ ਲਈ ਸਟੇਜ ਤੋਂ ਇਕ ਪੁਰਾਣਾ ਅਤੇ ਮਸ਼ਹੂਰ ਰੋਸ ਗੀਤ ਗਾਉਣਾ ਸ਼ੁਰੂ ਕਰ ਦਿੱਤਾ, ਜਿਸ ਸਦਕਾ ਲੋਕ ਥੋੜੇ ਸ਼ਾਂਤ ਹੋਏ ਤੇ ਹਾਲਾਤ ਵਿਗੜਦੇ-ਵਿਗੜਦੇ ਬਚ ਗਏ।

ਏ.ਐੱਨ.ਸੀ. ਹਰ ਐਤਵਾਰ, ਲੋਕਾਂ ਨੂੰ ਲਾਮਬੰਦ ਕਰਨ ਲਈ ਸੋਫੀਆ ਟਾਊਨ ਦੇ ਵਿਚਕਾਰ ਸਥਿਤ ਫਰੀਡਮ ਸਕੁਏਅਰ ਵਿਚ ਸਭਾਵਾਂ ਕਰਦੀ। ਨੈਲਸਨ ਇਨ੍ਹਾਂ ਵਿਚ ਕਾਫੀ ਜ਼ਿਆਦਾ ਭੜਕਾਊ ਭਾਸ਼ਣ ਕਰਦਾ ਸੀ। ਉਸਨੂੰ ਲੋਕਾਂ ਨੂੰ ਜੋਸ਼ ’ਚ ਲਿਆਉਣਾ ਚੰਗਾ ਲਗਦਾ।

ਭਾਸ਼ਣ ਸੰਬੰਧੀ ਉਹ ਲਿਖਦਾ ਹੈ :

“ਉਸ ਸ਼ਾਮ ਵੀ ਮੈਂ ਇਹੀ ਕਰ ਰਿਹਾ ਸੀ। ਜਿਉਂ-ਜਿਉਂ ਮੈਂ ਸਰਕਾਰ ਦੀਆਂ ਦਮਨਕਾਰੀ ਅਤੇ ਜ਼ਾਲਮਾਨਾ ਗਤੀਵਿਧੀਆਂ ਦੀ ਆਲੋਚਨਾ ਕਰੀ ਜਾ ਰਿਹਾ ਸੀ, ਮੈਂ ਜੋਸ਼ ਵਿਚ ਸਾਰੇ ਹੱਦਾਂ ਬੰਨੇ ਭੁੱਲਦਾ ਗਿਆ। ਮੈਂ ਗਰਜਦੇ ਹੋਏ ਕਿਹਾ ਕਿ ਹੁਣ ਅਹਿੰਸਕ ਅੰਦੋਲਨ ਦਾ ਸਮਾਂ ਨਹੀਂ ਰਿਹਾ, ਅਹਿੰਸਾ ਦੇ ਢੰਗ ਨਾਲ ਅਸੀਂ ਘੱਟ ਗਿਣਤੀ ਗੋਰੀ ਸਰਕਾਰ ਨੂੰ ਕਦੇ ਵੀ ਹਟਾ ਨਹੀਂ ਸਕਾਂਗੇ।

PunjabKesari

ਭਾਸ਼ਣ ਖ਼ਤਮ ਕਰਦੇ ਮੈਂ ਫੇਰ ਕਿਹਾ ਕਿ ਰੰਗ-ਭੇਦ ਦੀ ਨੀਤੀ ਨੂੰ ਸਿਰਫ਼ ਹਥਿਆਰਾਂ ਨਾਲ ਹੀ ਹਟਾਇਆ ਜਾ ਸਕਦਾ ਹੈ ਅਤੇ ਸਾਨੂੰ ਹੁਣ ਨੇੜਲੇ ਭਵਿੱਖ ਲਈ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਂ ਆਜ਼ਾਦੀ ਦਾ ਇਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਜਿਸਦੇ ਬੋਲ ਸਨ, ‘ਸਾਹਮਣੇ ਖੜ੍ਹੇ ਨੇ ਵੈਰੀ ਅਸਾਡੇ ਹਥਿਆਰ ਚੁੰਕੋ ਅਤੇ ਹਮਲਾ ਕਰੋ’। ਲੋਕ ਮੇਰੇ ਭਾਸ਼ਣ ਤੇ ਉੱਚੀ-ਉੱਚੀ ਤਾੜੀਆਂ ਮਾਰਨ ਲੱਗੇ। ਪੁਲਸ ਮੇਰੇ ਵੱਲ ਖ਼ੂੰਖਾਰ ਨਜ਼ਰਾਂ ਨਾਲ ਝਾਕ ਰਹੀ ਸੀ ਤੇ ਜਿਵੇਂ ਕਹਿ ਰਹੀ ਸੀ ਕਿ , ਮੰਡੇਲਾ ਅੱਜ ਨੀ ਤੂੰ ਬਚਦਾ। ਮੈਂ ਇਸਦੇ ਸਿੱਟਿਆਂ ਤੋਂ ਬੇਖ਼ਬਰ ਹੋ ਗਿਆ ਸੀ।”

ਇਸ ਭਾਸ਼ਣ ਵਿਚ ਨੈਲਸਨ ਨੇ ਜੋ ਕਿਹਾ ਸੀ ਉਹ ਐਵੇ ਹੀ ਨਹੀਂ ਕਿਹਾ ਸੀ। ਨੈਲਸਨ ਨੂੰ ਆਉਣ ਵਾਲੇ ਸਮੇਂ ਬਾਰੇ ਸਾਫ਼ ਪਤਾ ਲੱਗ ਰਿਹਾ ਸੀ। ਦੱਖਣੀ ਅਫ਼ਰੀਕਾ ਹੁਣ ਇਕ ਪੁਲਸ ਰਾਜ ਬਣਦਾ ਜਾ ਰਿਹਾ ਸੀ ਜੋ ਕਿਸੇ ਤਰ੍ਹਾਂ ਦੇ ਵੀ ਅਫ਼ਰੀਕੀ ਬਹੁਗਿਣਤੀ ਦੇ ਅਹਿੰਸਾਤਮਕ ਰੋਸ ਪ੍ਰਗਟਾਵੇ ਨੂੰ ਕੁਚਲ ਕੇ ਰੱਖ ਸਕਦਾ ਸੀ। ਇਸ ਲਈ ਆਉਣ ਸਮੇਂ ਨੂੰ ਮੁੱਖ ਰੱਖਦਿਆਂ ਨੈਲਸਨ ਨੇ ਇਹ ਭੜਕਾਊ ਭਾਸ਼ਣ ਦਿੱਤਾ ਸੀ।

ਨੈਲਸਨ ਅਨੁਸਾਰ, “ਮੈਨੂੰ ਡਰ ਸੀ ਕਿ ਜਾਇਜ਼ ਅਤੇ ਕਾਨੂੰਨ ਤੋਂ ਬਚਦੇ ਹੋਏ ਵੀ ਰੋਸ ਮੁਜ਼ਾਹਰੇ ਕਰਨੇ ਹੁਣ ਸੰਭਵ ਨਹੀਂ ਹੋ ਸਕਣਗੇ। ਜੇ ਕਿਸੇ ਸ਼ਾਂਤੀ ਪੂਰਵਕ ਰੋਸ ਪ੍ਰਗਟਾਵੇ ’ਤੇ ਵੀ ਤਸ਼ੱਦਦ ਕੀਤਾ ਜਾਵੇ ਤਾਂ ਇਹ ਜ਼ਿਆਦਾ ਦੇਰ ਲਈ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ। ਮੇਰੀ ਨਜ਼ਰ ਵਿਚ ਅਹਿੰਸਾ ਇਕ ਪ੍ਰਤੀਕਾਤਮਕ ਸਿਧਾਂਤ ਨਹੀਂ ਬਲਕਿ ਅੰਦੋਲਨ ਦੀ ਇਕ ਤਰਕੀਬ ਹੈ ਅਤੇ ਕਿਸੇ ਪ੍ਰਭਾਵਹੀਣ ਹਥਿਆਰ ਨੂੰ ਵਰਤਣਾ ਕਿਸੇ ਤਰ੍ਹਾਂ ਵੀ ਨੈਤਿਕ ਨਹੀਂ ਹੋ ਸਕਦਾ ਪਰ ਇਸ ਗੂੜ ਮਸਲੇ ਬਾਰੇ ਮੇਰੇ ਆਪਣੇ ਵਿਚਾਰ ਹਾਲੇ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸਨ। ਮੈਂ ਸਮੇਂ ਤੋਂ ਅਗਾਊਂ ਬੋਲ ਰਿਹਾ ਸੀ।”

ਨੈਲਸਨ ਹਾਲਾਤਾਂ ਨੂੰ ਸਮਝ ਰਿਹਾ ਸੀ। ਉਸਨੂੰ ਪਤਾ ਸੀ ਕਿ ਰੋਸ-ਮੁਜ਼ਾਹਰੇ ਜਾਂ ਅਹਿੰਸਕ ਢੰਗ ਹੁਣ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਰਹੇ। ਜੇਕਰ ਕੁਝ ਪ੍ਰਾਪਤ ਕਰਨਾ ਹੈ ਤਾਂ ਹੁਣ ਹਿੰਸਕ ਢੰਗ ਨਾਲ ਹੀ ਹੋ ਸਕਦਾ ਹੈ।

ਪਰ ਜਦੋਂ ਕਾਰਜਕਾਰਨੀ ਨੂੰ ਨੈਲਸਨ ਦੇ ਇਸ ਭੜਕਾਊ ਭਾਸ਼ਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਨੈਲਸਨ ਨੂੰ ਪਾਰਟੀ ਦੇ ਤੈਅ ਕੀਤੇ ਨਿਰਦੇਸ਼ਾਂ ’ਤੇ ਹਟਕੇ ਬੋਲਣ ’ਤੇ ਕਾਫ਼ੀ ਝਾੜ ਪਾਈ। ਪਾਰਟੀ ਦੀ ਝਾੜ ’ਤੇ ਨੈਲਸਨ ਜਨਤਕ ਤੌਰ ’ਤੇ ਅਹਿੰਸਾ ਦੀ ਨੀਤੀ ਦਾ ਹਮੇਸ਼ਾ ਸਮਰਥਨ ਤਾਂ ਕਰਦਾ ਰਿਹਾ ਪਰ ਉਂਞ ਉਹ ਸਮਝ ਚੁੱਕਾ ਸੀ ਕਿ ਅਹਿੰਸਾ ਨਾਲ ਹੁਣ ਗੱਲ ਨਹੀਂ ਬਣਨ ਵਾਲੀ।

ਵਾਲਟਰ, ਨੈਲਸਨ ਦੇ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਸੀ ਕਿ ਹੁਣ ਅਹਿੰਸਕ ਅੰਦੋਲਨ ਦੁਆਰਾ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ।

ਇਸ ਲਈ ਵਾਲਟਰ ਹੁਣ ਸਮਾਜਵਾਦੀ ਦੇਸ਼ਾਂ ਦੀਆਂ ਯਾਤਰਾਵਾਂ ਕਰਨ ਲੱਗਾ ਤਾਂ ਕਿ ਉਨ੍ਹਾਂ ਦੇਸ਼ਾਂ ਤੋਂ ਹਥਿਆਰਬੰਦ ਸੰਘਰਸ਼ ਲਈ ਹਥਿਆਰ ਤੇ ਆਰਥਿਕ ਮਦਦ ਪ੍ਰਾਪਤ ਕੀਤੀ ਜਾਵੇ। ਨੈਲਸਨ ਨੇ ਵਾਲਟਰ ਨੂੰ ਚੀਨ ਦੀ ਯਾਤਰਾ ਦਾ ਸੁਝਾਅ ਦਿੱਤਾ ਪਰ ਜਦੋਂ ਇਨ੍ਹਾਂ ਸਮਾਜਵਾਦੀ ਦੇਸ਼ਾਂ ਦੀ ਯਾਤਰਾ ਬਾਰੇ ਕਾਰਜਕਾਰਨੀ ਨੂੰ ਪਤਾ ਲੱਗਾ ਤਾਂ ਪ੍ਰੋ. ਮੈਥਿਊਜ਼ (ਪ੍ਰਧਾਨ) ਨੇ ਵਾਲਟਰ ਪ੍ਰਤੀ ਨਰਾਜ਼ਗੀ ਜ਼ਾਹਿਰ ਕੀਤੀ।

ਵਾਲਟਰ ਜਦੋਂ ਚੀਨ ਜਾਣ ਵਿਚ ਕਾਮਯਾਬ ਹੋਇਆ ਤਾਂ ਉਥੋਂ ਦੇ ਨੇਤਾਵਾਂ ਨੇ ਉਸਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਅਫ਼ਰੀਕੀ ਸੰਘਰਸ਼ ਪ੍ਰਤੀ ਸਮਰਥਨ ਦਾ ਪੂਰਾ ਭਰੋਸਾ ਦਵਾਇਆ। ਉਨ੍ਹਾਂ ਨੇ ਵਾਲਟਰ ਨੂੰ ਕਿਹਾ ਕਿ ਹਥਿਆਰਬੰਦ ਸੰਘਰਸ਼ ਇਕ ਬਹੁਤ ਹੀ ਗੰਭੀਰ ਕਾਰਵਾਈ ਹੈ ਅਤੇ ਵਾਲਟਰ ਨੂੰ ਪੁੱਛਿਆ ਕਿ ਕੀ ਤੁਹਾਡੇ ਆਜ਼ਾਦੀ ਦਾ ਸੰਘਰਸ਼ ਏਨਾ ਤਿੱਖਾ ਹੋ ਚੁੱਕਾ ਹੈ ਕਿ ਅਜਿਹੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾ ਸਕੇ?

ਵਾਲਟਰ ਵਾਪਿਸ ਅਫ਼ਰੀਕਾ ਪਰਤ ਆਇਆ ਸੀ, ਕਿਉਂਕਿ ਹਾਲੇ ਆਜ਼ਾਦੀ ਦਾ ਸੰਘਰਸ਼ ਏਨਾ ਤਿੱਖਾ ਨਹੀਂ ਹੋਇਆ ਸੀ ਕਿ ਹਥਿਆਰਬੰਦ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾ ਸਕੇ। ਇਸ ਯਾਤਰਾ ਸਮੇਂ ਭਾਵੇਂ ਵਾਲਟਰ ਨੂੰ ਹਥਿਆਰ ਤਾਂ ਨਹੀਂ ਪ੍ਰਾਪਤ ਹੋਏ ਪਰ ਉਨ੍ਹਾਂ ਦਾ ਹੌਸਲਾ ਸੰਘਰਸ਼ ਪ੍ਰਤੀ ਹੋਰ ਵੀ ਵੱਧ ਗਿਆ ਸੀ।

ਨੈਲਸਨ ’ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ ਕਿ ਉਹ ਜਨਤਕ ਸੰਮੇਲਨਾਂ ਵਿਚ ਨਹੀਂ ਜਾ ਸਕਦਾ।

ਟਰਾਂਸਵਾਲ ਵਿਖੇ ਏ.ਐੱਨ.ਸੀ. ਦਾ ਸੰਮੇਲਨ ਹੋਣ ਵਾਲਾ ਸੀ, ਜਿਸ ਲਈ ਨੈਲਸਨ ਨੇ ਆਪਣਾ ਪ੍ਰਧਾਨਗੀ ਭਾਸ਼ਣ ਤਿਆਰ ਕੀਤਾ ਪਰ ਉਸ ਉੱਪਰ ਇਸ ਸੰਮੇਲਨ ਵਿਚ ਜਾਣ ’ਤੇ ਸਖ਼ਤ ਪਾਬੰਦੀ ਸੀ ਇਸ ਲਈ ਉਸਨੇ ਆਪਣਾ ਇਹ ਭਾਸ਼ਣ ਆਪਣੀ ਗ਼ੈਰ-ਹਾਜ਼ਰੀ ਵਿਚ ਐਂਡਰੀਓ ਕੁਨੇਂਨੇ, ਦੋਸਤ ਤੋਂ ਪੜ੍ਹਾਇਆ।

ਇਹ ਭਾਸ਼ਣ ਬਾਅਦ ਵਿਚ “ਆਜ਼ਾਦੀ ਦਾ ਰਾਹ ਸੁਖਾਲਾ ਨਹੀਂ ਹੁੰਦਾ” ਦੇ ਨਾਮ ਨਾਲ ਮਸ਼ਹੂਰ ਹੋਇਆ। ਇਹ ਸਤਰ ਨੈਲਸਨ ਨੇ ਜਵਾਹਰ ਲਾਲ ਨਹਿਰੂ ਦੇ ਭਾਸ਼ਣਾਂ ਵਿਚੋਂ ਲਈ ਸੀ। ਨੈਲਸਨ ਨੇ ਇਸ ਵਿਚ ਕਿਹਾ ਕਿ ਲੋਕਾਂ ਨੂੰ ਹੁਣ ਰਾਜਨੀਤਿਕ ਸੰਘਰਸ਼ ਦੇ ਨਵੇਂ ਤਰੀਕਿਆਂ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਸਰਕਾਰ ਦੇ ਨਵੇਂ ਕਾਨੂੰਨ ਅਤੇ ਖ਼ਤਰਨਾਕ ਚਾਲਾਂ ਕਾਰਨ ਜਨਤਕ ਰੋਸ ਦੇ ਪੁਰਾਣੇ ਤਰੀਕੇ ਜਿਵੇਂ ਜਨ-ਸਭਾਵਾਂ, ਅਖ਼ਬਾਰੀ ਬਿਆਨ, ਹੜਤਾਲਾਂ ਮੁਜ਼ਾਹਰੇ ਆਦਿ ਹੁਣ ਬਹੁਤ ਖ਼ਤਰਨਾਕ ਅਤੇ ਆਤਮਘਾਤੀ ਹੋ ਗਏ ਸਨ। ਅਖ਼ਬਾਰਾਂ ਸਾਡੇ ਬਿਆਨ ਛਾਪਣ ਲਈ ਤਿਆਰ ਨਹੀਂ। ਛਾਪੇਖਾਨੇ ਸਾਡੇ ਪਰਚੇ ਛਾਪਣ ਤੋਂ ਇਨਕਾਰੀ ਹੋ ਰਹੇ ਹਨ। ਨਵੇਂ ਬਣੇ ਕਮਿਊਨਿਸ ਵਿਰੋਧੀ ਕਾਨੂੰਨ ਅਧੀਨ ਇਹ ਸਭ ਕੁਝ ਹੁਣ ਗੈਰ-ਕਾਨੂੰਨੀ ਹੋ ਗਿਆ ਸੀ। ਵਕਤ ਦੀ ਮੰਗ ਹੈ ਕਿ ਰਾਜਨੀਤਿਕ ਅੰਦੋਲਨ ਲਈ ਵੀ ਨਵੇਂ ਤਰੀਕੇ ਅਪਣਾਏ ਜਾਣ ਕਿਉਂਕਿ ਪੁਰਾਣੇ ਤਰੀਕੇ ਹੁਣ ਅਤਮਘਾਤੀ ਹੋ ਚੁੱਕੇ ਹਨ।

ਉਸਨੇ ਕਿਹਾ ਕਿ ਦੱਬੇ ਕੁਚਲੇ ਲੋਕ ਅਤੇ ਜ਼ਾਲਿਮ, ਹੁਣ ਇਕ ਦੂਸਰੇ ਦੇ ਆਹਮਣੇ-ਸਾਹਮਣੇ ਹਨ। ਆਜ਼ਾਦੀ ਦੇ ਪਰਵਾਨਿਆਂ ਅਤੇ ਵਿਰੋਧੀਆਂ ਵਿਚ ਸਿੱਧੇ ਟਕਰਾਅ ਦਾ ਹੁਣ ਸਮਾਂ ਆ ਗਿਆ। ਮੈਨੂੰ ਇਸ ਬਾਰੇ ਸ਼ੱਕ ਨਹੀਂ ਕਿ ਜਦੋਂ ਵੀ ਇਹ ਟਕਰਾਅ ਹੋਵੇਗਾ, ਸੱਚਾਈ ਅਤੇ ਇਨਸਾਫ਼ ਦੀ ਜਿੱਤ ਹੋਵੇਗੀ ....। ਜ਼ੁਲਮ ਦਾ ਮੁਕਾਬਲਾ ਕਰਕੇ ਉਸਨੂੰ ਖ਼ਤਮ ਕਰਨਾ ਮਾਨਵਤਾ ਦਾ ਬੁਨਿਆਦੀ ਹੱਕ ਹੈ ਅਤੇ ਇਹੀ ਹਰੇਕ ਆਜ਼ਾਦ ਵਿਅਕਤੀ ਦੀ ਸਭ ਤੋਂ ਵੱਡੀ ਖਾਹਿਸ਼ ਹੁੰਦੀ ਹੈ।”

ਇਸ ਤੋਂ ਬਾਅਦ ਨੈਲਸਨ ਤੋਂ ਵਕੀਲ ਵਾਲਾ ਸਰਟੀਫਿਕੇਟ ਵੀ ਲੈ ਲਿਆ ਤੇ ਉਸ ’ਤੇ ਮੁਕੱਦਮਾ ਚਲਾ ਦਿੱਤਾ ਅਤੇ ਟਰਾਂਸਵਾਲ ਦੇ ਵਕੀਲਾਂ ਦੀ ਸੁਸਾਇਟੀ ਨੇ ਸੁਪਰੀਮ ਕੋਰਟ ਨੂੰ ਇਕ ਪੱਤਰ ਲਿਖਿਆ ਜਿਸ ਵਿਚ ਇਹਨਾਂ ਨੇ ਨੈਲਸਨ ਦੁਆਰਾ ਅਵੱਗਿਆ ਅੰਦੋਲਨ ਵਿਚ ਭਾਗ ਲੈਣ ਕਰਕੇ ਉਸ ’ਤੇ ਮੁਕੱਦਮਾ ਚਲਵਾ ਦਿੱਤਾ। ਹੁਣ ਨੈਲਸਨ ਦਾ ਨਾਮ ਮਾਨਤਾ ਪ੍ਰਾਪਤ ਵਕੀਲਾਂ ਦੀ ਸੂਚੀ ਵਿਚੋਂ ਵੀ ਕੱਢ ਦਿੱਤਾ।

ਨੈਲਸਨ ਨੂੰ ਸਰਕਾਰ ਦੇ ਇਸ ਵਰਤਾਓ ’ਤੇ ਕਾਫੀ ਗੁੱਸਾ ਆਇਆ। ਉਸਨੇ ਅਦਾਲਤ ’ਚ ਆਪਣੀ ਦਲੀਲ ਪੇਸ਼ ਕੀਤੀ ਕਿ ਇਹ ਸੁਸਾਇਟੀ ਦੀ ਦਰਖ਼ਾਸਤ ਇਨਸਾਫ਼ ਦੀ ਧਾਰਣਾ ਪ੍ਰਤੀ ਗੁਸਤਾਖ਼ੀ ਹੈ ਕਿਉਂਕਿ ਉਸਨੂੰ ਆਪਣੇ ਰਾਜਨੀਤਿਕ ਵਿਚਾਰਾਂ ਸੰਬੰਧੀ ਸੰਘਰਸ਼ ਦਾ ਸਹਿਜ ਅਧਿਕਾਰ ਹੈ।

ਸਰਕਾਰ ਵਲੋਂ ਸੋਫੀਆ ਟਾਊਨ ਖਾਲੀ ਕਰਵਾਉਣ ਦੇ ਵਿਰੋਧ ਵਿਚ ਸਰਕਾਰ ਤੇ ਏ.ਐਨ.ਸੀ. ਦੇ ਵਿਚਕਾਰ ਟਕਰਾਅ ਹੁਣ ਯੁੱਧ ਦਾ ਰੂਪ ਧਾਰਨ ਕਰਦਾ ਜਾ ਰਿਹਾ ਸੀ। ਨੈਲਸਨ ਹੋਰੀਂ ਆਪਣੀ ਥਾਂ ਡਟੇ ਹੋਏ ਸੀ ਅਤੇ ਸਰਕਾਰ ਆਪਣੀ ਥਾਂ  ਅੜੀ ਹੋਈ ਸੀ। ਆਖ਼ਰ 9 ਫਰਵਰੀ 1955 ਦਾ ਦਿਨ ਸਰਕਾਰ ਨੇ ਬਸਤੀ ਖਾਲੀ ਕਰਵਾਉਣ ਲਈ ਮਿੱਥ ਦਿੱਤਾ।

PunjabKesari

ਏ.ਐੱਨ.ਸੀ. ਦੇ ਇਕ ਬਹੁਤ ਹੀ ਸਨਮਾਨਿਤ ਨੇਤਾ ਜ਼ੋਅ ਮੋਤੀਸੀ ਨੇ ਇਕ ਰਾਤ ਪੰਜ ਸੌ ਨੌਜਵਾਨ ਕਾਰਕੁੰਨਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏ.ਐੱਨ.ਸੀ. ਉਨ੍ਹਾਂ ਨੂੰ ਹੁਣ ਫੌਜ ਤੇ ਪੁਲਸ ਦੇ ਖ਼ਿਲਾਫ਼ ਲੜਨ ਦੀ ਆਗਿਆ ਦੇਵੇ। ਉਹ ਅਗਲੇ ਦਿਨ ਹੀ ਪੁਲਸ ਦਾ ਹਥਿਆਰਾਂ ਨਾਲ ਮੁਕਾਬਲਾ ਕਰਨ ਲਈ ਤਤਪਰ ਸੀ। ਉਹ ਚਾਹੁੰਦਾ ਸੀ ਕਿ ਸਾਡਾ ਨਾਅਰਾ “ਸੋਫੀਆ ਟਾਊਨ ਉਜਾੜਨ ਵਾਲਿਆਂ ਨੂੰ ਸਾਡੀਆਂ ਲੋਥਾਂ ਉੱਪਰੋਂ ਦੀ ਲੰਘ ਕੇ ਜਾਣਾ ਪਏਗਾ” ਨੂੰ ਸਾਰਥਕ ਕਰ ਦੇਣ ਦਾ ਸਮਾਂ ਆ ਗਿਆ ਹੈ।

ਪਰ ਨੈਲਸਨ ਤੇ ਏ.ਐੱਨ.ਸੀ. ਦੇ ਹੋਰ ਨੇਤਾਵਾਂ ਦਾ ਹੁਣ ਵਿਚਾਰ ਸੀ ਕਿ ਅਜੇ ਸਹੀ ਵਕਤ ਨਹੀਂ ਆਇਆ। ਹਾਲੇ ਦੁਸ਼ਮਣ ਨਾਲ, ਉਸਦੀ ਚਾਲ ਮੁਤਾਬਕ ਭਿੜਨ ਲਈ ਤਿਆਰੀ ਨਹੀਂ ਸੀ। ਇਸ ਲਈ ਇਕ ਵਾਰ ਫਿਰ ਤੋਂ ਹਥਿਆਰਬੰਦ ਲੜਾਈ ਜਾਂ ਹਿੰਸਾ ਦਾ ਫੈਸਲਾ ਬਦਲ ਦਿੱਤਾ ਗਿਆ।

ਅਖ਼ੀਰ 9 ਫਰਵਰੀ ਨੂੰ ਸਰਕਾਰ ਨੇ ਲਗਭਗ ਚਾਰ ਹਜ਼ਾਰ ਪੁਲਸ ਤੇ ਫ਼ੌਜ ਦੇ ਆਦਮੀਆਂ ਦੁਆਰਾ ਸੋਫੀਆ ਟਾਊਨ ਨੂੰ ਘੇਰ ਲਿਆ ਅਤੇ ਮਜ਼ਦੂਰਾਂ ਦੇ ਘਰ ਢਾਹੁਣੇ ਸ਼ੁਰੂ ਕਰ ਦਿੱਤੇ। ਕੁਝ ਹੀ ਹਫਤਿਆਂ ’ਚ ਇਹੀ ਸੋਫੀਆ ਟਾਊਨ ਅੰਦੋਲਨ ’ਚ ਏ.ਐੱਨ.ਸੀ. ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਬਹੁਤ ਸਾਰੇ ਸਮਰਥਕ ਨੇਤਾ ਗ੍ਰਿਫ਼ਤਾਰ ਕਰ ਲਏ ਗਏ।

ਅਸਲ ਵਿਚ ਪੱਛਮੀ ਇਲਾਕੇ ਨੂੰ ਖਾਲੀ ਕਰਵਾਏ ਜਾਣ ਦੇ ਵਿਰੋਧ ਵਿਚ ਜੋ ਮੁਹਿੰਮ ਚਲਦੀ ਸੀ ਉਸ ਦੌਰਾਨ ਏ.ਐੱਨ.ਸੀ. ਕੋਲੋਂ ਵੀ ਕਈ ਗਲਤੀਆਂ ਹੋਈਆਂ ਸਨ ਜਿਨ੍ਹਾਂ ਤੋਂ ਹੁਣ ਉਨ੍ਹਾਂ ਨੇ ਸਬਕ ਸਿੱਖ ਲਿਆ ਸੀ।


author

rajwinder kaur

Content Editor

Related News