ਪੰਜਾਬ ਦੀ ਧੀ ਨੇ ਕੈਨੇਡਾ 'ਚ ਵਧਾਇਆ ਮਾਣ, ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ
Wednesday, Mar 29, 2023 - 01:43 PM (IST)
ਇੰਟਰਨੈਸ਼ਨਲ ਡੈਸਕ- ਪੰਜਾਬ ਦੀ ਨੀਨਾ ਤਾਂਗੜੀ ਨੇ ਕੈਨੇਡਾ ਵਿਚ ਭਾਈਚਾਰੇ ਦਾ ਮਾਣ ਵਧਾਇਆ ਹੈ। ਨੀਨਾ ਤਾਂਗੜੀ ਨੇ ਕੈਨੇਡਾ ਦੇ ਓਂਟਾਰੀਓ 'ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਨੀਨਾ ਤਾਂਗੜੀ ਮਿਸੀਸਾਗਾ-ਸਟ੍ਰੀਟਸਵਿਲੇ ਲਈ ਪ੍ਰੋਵਿੰਸ਼ੀਅਲ ਪਾਰਲੀਮੈਂਟ (MPP) ਦੀ ਮੈਂਬਰ ਰਹੀ ਹੈ। ਮੰਤਰੀ ਵਜੋਂ ਆਪਣੀ ਨਵੀਂ ਭੂਮਿਕਾ ਵਿੱਚ ਨੀਨਾ ਓਂਟਾਰੀਓ ਦੇ ਛੋਟੇ ਕਾਰੋਬਾਰੀ ਭਾਈਚਾਰੇ ਨੂੰ ਵਧਾਉਣ ਅਤੇ ਕੋਵਿਡ-19 ਮਹਾਮਾਰੀ ਤੋਂ ਸੂਬੇ ਦੀ ਰਿਕਵਰੀ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹੈ।
ਆਪਣੀ ਪਹਿਲੀ ਇੰਟਰਵਿਊ ਵਿਚ ਨੀਨਾ ਤਾਂਗੜੀ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ 'ਤੇ ਉਹਨਾਂ ਲੋਕਾਂ ਲਈ ਕੰਮ ਕਰੇਗੀ ਜੋ ਪਹਿਲੀ ਵਾਰ ਕੈਨੇਡਾ ਵਿਚ ਘਰ ਖਰੀਦਣਾ ਚਾਹੁੰਦੇ ਹਨ ਜਾਂ ਪੜ੍ਹਾਈ ਲਈ ਇੱਥੇ ਆਏ ਹਨ ਅਤੇ ਘਰ ਖਰੀਦਣਾ ਚਾਹੁੰਦੇ ਹਨ। ਨੀਨਾ ਵਿੱਤੀ ਪ੍ਰਬੰਧਨ ਵਿੱਚ 30 ਸਾਲਾਂ ਤੋਂ ਵੱਧ ਦੇ ਤਜ਼ਰਬੇ ਵਾਲੀ ਇੱਕ ਉਦਯੋਗਪਤੀ ਅਤੇ ਛੋਟੇ ਕਾਰੋਬਾਰ ਦੀ ਮਾਲਕ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਸਨੇ ਸਫਲਤਾਪੂਰਵਕ ਆਪਣੀ ਬੀਮਾ ਕੰਪਨੀ ਚਲਾਈ। ਨੀਨਾ ਨੂੰ ਪਹਿਲੀ ਵਾਰ 2018 ਵਿੱਚ ਮਿਸੀਸਾਗਾ-ਸਟ੍ਰੀਟਸਵਿਲੇ ਲਈ ਐਮਪੀਪੀ ਵਜੋਂ ਚੁਣਿਆ ਗਿਆ ਸੀ। ਜੂਨ 2019 ਵਿੱਚ ਉਸ ਨੂੰ ਓਂਟਾਰੀਓ ਦੇ ਵਿਸ਼ਵ ਪੱਧਰੀ ਖੇਤਰ ਵਿੱਚ ਆਰਥਿਕ ਪਸਾਰ ਅਤੇ ਨਿਵੇਸ਼, ਜੀਵਨ ਵਿਗਿਆਨ ਈਕੋਸਿਸਟਮ 'ਤੇ ਧਿਆਨ ਕੇਂਦਰਿਤ ਕਰਨ ਲਈ ਆਰਥਿਕ ਵਿਕਾਸ, ਨੌਕਰੀ ਸਿਰਜਣਾ ਅਤੇ ਵਪਾਰ ਮੰਤਰੀ ਦੇ ਸੰਸਦੀ ਸਹਾਇਕ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਵਰਕ ਪਰਮਿਟ ਪਾਓ ਸਿਰਫ 6 ਲੱਖ ਰੁਪਏ ਵਿੱਚ, ਜਲਦ ਕਰੋ ਅਪਲਾਈ
ਉਸ ਦੀਆਂ ਸਭ ਤੋਂ ਵੱਡੀਆਂ ਭਾਈਚਾਰਕ ਪ੍ਰਾਪਤੀਆਂ ਵਿੱਚ ਮਿਸੀਸਾਗਾ ਵਿੱਚ ਕ੍ਰੈਡਿਟ ਵੈਲੀ ਹਸਪਤਾਲ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਵਾਈਸ-ਚੇਅਰ ਵਜੋਂ ਸੇਵਾ ਕਰਨਾ ਅਤੇ ਏਰਿਨਓਕ ਕਿਡਜ਼ ਦੀ ਕੈਬਨਿਟ ਮੈਂਬਰ ਸੀ। ਆਪਣੇ ਸਵੈਸੇਵੀ ਕੰਮਾਂ ਲਈ ਉਸ ਨੂੰ ਮਹਾਰਾਣੀ ਦਾ ਡਾਇਮੰਡ ਜੁਬਲੀ ਅਵਾਰਡ ਮਿਲਿਆ। ਮੂਲ ਰੂਪ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ। ਉਹਨਾਂ ਦਾ ਵਿਆਹ ਇੰਗਲੈਂਡ ਵਿਚ ਹੋਇਆ ਪਰ ਬਾਅਦ ਵਿਚ ਉਹਨਾਂ ਦਾ ਪਰਿਵਾਰ ਕੈਨੇਡਾ ਚਲਾ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।