ਸਾਊਥ ਬਰਨਾਬੀ ਦੇ ਵੋਟਰ ਤੈਅ ਕਰਨਗੇ ਜਗਮੀਤ ਸਿੰਘ ਦੀ ਸਿਆਸੀ ਕਿਸਮਤ ਦਾ ਫੈਸਲਾ

02/26/2019 2:53:07 AM

ਓਟਵਾ, (ਵੈਬ ਡੈਸਕ)- ਕੈਨੇਡਾ ਵਿਚ ਅੱਜ ਤਿੰਨ ਹਲਕਿਆਂ ਅੰਦਰ ਜ਼ਿਮਨੀ ਚੋਣਾਂ ਲਈ ਪੋਲਿੰਗ ਹੋ ਰਹੀ ਹੈ।ਇਨ੍ਹਾਂ ਤਿੰਨ ਹਲਕਿਆਂ ਵਿਚੋਂ ਇਕ ਹਲਕਾ ਹੈ ਬ੍ਰਿਟਿਸ਼ ਕੋਲੰਬੀਆ ਦਾ ਬਰਨਾਬੀ ਸਾਊਥ। ਇਸ ਸੀਟ ਤੋਂ ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਗਮੀਤ ਸਿੰਘ ਦਾ ਸਿਆਸੀ ਕਰੀਅਰ ਇਸ ਹਲਕੇ ਦੇ ਲੋਕਾਂ ਵਲੋਂ ਅੱਜ ਪੋਲਿੰਗ ਰਾਹੀਂ ਤੈਅ ਕੀਤਾ ਜਾਣਾ ਹੈ। ਕਈ ਐਨਡੀਪੀ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਜਗਮੀਤ ਸਿੰਘ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੈ। ਇਨ੍ਹਾਂ ਮੈਂਬਰਾਂ ਮੰਨਨਾ ਹੈ ਕਿ ਜੇਕਰ ਅੱਜ ਉਨ੍ਹਾਂ ਦੇ ਹਲਕੇ ਦੇ ਲੋਕ ਜਗਮੀਤ ਦਾ ਸਾਥ ਨਹੀਂ ਦਿੰਦੇ ਭਾਵ ਜਗਮੀਤ ਸਿੰਘ ਪਾਰਲੀਮੈਂਟ ਵਿਚ ਆਪਣੀ ਸੀਟ ਪੱਕੀ ਨਹੀਂ ਕਰ ਸਕੇ ਤਾਂ ਉਹ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਆਪਣੀ ਪਾਰਟੀ ਦੀ ਅਗਵਾਈ ਨਹੀਂ ਕਰ ਸਕਣਗੇ।
ਓਧਰ ਜਗਮੀਤ ਸਿੰਘ ਨੂੰ ਪੂਰੀ ਆਸ ਹੈ ਕਿ ਉਹ ਇਸ ਸੀਟ ਤੋਂ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ। ਇਸ ਤੋਂ ਬਾਅਦ ਹੀ ਉਹ ਅਕਤੂਬਰ ਵਿਚ ਹੋਣ ਜਾ ਰਹੀਆਂ ਚੋਣਾਂ ਲਈ ਆਪਣੀ ਰਣਨੀਤੀ ਤੈਅ ਕਰ ਸਕਣਗੇ। ਇਸ ਦੇ ਨਾਲ ਹੀ 18 ਮਹੀਨੇ ਪਹਿਲਾਂ ਲੀਡਰ ਚੁਣੇ ਗਏ ਜਗਮੀਤ ਸਿੰਘ ਨੂੰ ਆਪਣੇ ਖਿਲਾਫ ਤਰ੍ਹਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਨ ਵਾਲਿਆਂ ਦੇ ਮੂੰਹ ਬੰਦ ਕਰਨ ਦਾ ਵੀ ਮੌਕਾ ਮਿਲ ਜਾਵੇਗਾ।
 ਇੱਥੇ ਦੱਸਣਾ ਬਣਦਾ ਹੈ ਕਿ ਪਾਰਟੀ ਵਿੱਚੋਂ ਹੀ ਕਈ ਜਗਮੀਤ ਸਿੰਘ ਦੀ ਦੂਰਅੰਦੇਸ਼ੀ ਉੱਤੇ ਵੀ ਸਵਾਲੀਆ ਨਿਸ਼ਾਨ ਲਗਾ ਰਹੇ ਹਨ ਤੇ ਕਈਆਂ ਨੂੰ ਇਹ ਸ਼ਿਕਾਇਤ ਹੈ ਕਿ ਸਾਬਕਾ ਓਨਟਾਰੀਓ ਪ੍ਰੋਵਿੰਸ਼ੀਅਲ ਸਿਆਸਤਦਾਨ ਨੂੰ ਕਈ ਫੈਡਰਲ ਮੁੱਦਿਆਂ ਦੀ ਸਮਝ ਨਹੀਂ ਹੈ। ਇਸ ਤੋਂ ਇਲਾਵਾ ਕਈ ਮੰਨਦੇ ਹਨ ਕਿ ਜਗਮੀਤ ਸਿੰਘ ਕਾਕਸ ਦੇ ਅੰਦਰੂਨੀ ਮਾਮਲਿਆਂ ਨੂੰ ਵੀ ਸਹੀ ਢੰਗ ਨਾਲ ਨਹੀਂ ਸਮਝ ਰਹੇ। ਖਾਸਤੌਰ ਉੱਤੇ ਸਸਕੈਚਵਨ ਦੇ ਐੱਮ. ਪੀ. ਐਰਿਨ ਵੇਅਰ ਨੂੰ ਕਾਕਸ ਵਿਚੋਂ ਕੱਢਣ ਦਾ ਮਾਮਲਾ ਕਈਆਂ ਨੂੰ ਬਹੁਤ ਚੁਭਿਆ। ਜਗਮੀਤ ਸਿੰਘ ਦੀ ਅਗਵਾਈ 'ਚ ਐੱਨ. ਡੀ. ਪੀ. 2000 ਤੋਂ ਲੈ ਕੇ ਹੁਣ ਤਕ ਦੇ ਸੱਭ ਤੋਂ ਹੇਠਲੇ ਪਾਇਦਾਨ ਉੱਤੇ ਹੈ। ਪਾਰਟੀ ਇਸ ਸਮੇਂ ਕਰਜੇ ਵਿਚ ਡੁੱਬੀ ਹੋਈ ਹੈ ਤੇ ਇਸ ਦੀ ਫੰਡਰੇਜ਼ਿੰਗ ਦਾ ਵੀ ਮਾੜਾ ਹਾਲ ਹੈ। 2015 'ਚ ਜਿੱਤਣ ਵਾਲੇ 44 ਐੱਮ. ਪੀਜ਼ ਵਿਚੋਂ 11 ਇਹ ਐਲਾਨ ਕਰ ਚੁੱਕੇ ਹਨ ਕਿ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਚੋਣਾਂ ਵਿਚ ਉਹ ਕੋਈ ਦਾਅਵੇਦਾਰੀ ਪੇਸ਼ ਨਹੀਂ ਕਰਨਗੇ। ਕਈ ਐੱਨ. ਡੀ. ਪੀ. ਮੈਂਬਰਾਂ ਦੀਆਂ ਅੱਖਾਂ ਅੱਜ ਬਰਨਾਬੀ ਸਾਊਥ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਉੱਤੇ ਲੱਗੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਜਗਮੀਤ ਦੇ ਮੁਕਾਬਲੇ ਵਿਚ ਰਿਚਰਡ ਲੀ (ਲਿਬਰਲ), ਜਯ ਸ਼ਿਨ (ਕੰਜ਼ਰਵੇਟਿਵ), ਲਾਓਰਾ-ਲਿਨ ਥਾਮਸਨ (ਪੀਪਲਜ਼ ਪਾਰਟੀ ਆਫ ਕੈਨੇਡਾ), ਟੈਰੀ ਗਰੀਮਵੁੱਡ (ਆਜ਼ਾਦ) ਅਤੇ ਵੈਲੇਨਟਾਈਨ ਵੁ (ਆਜ਼ਾਦ) ਉਮੀਦਵਾਰ ਚੋਣ ਮੈਦਾਨ ਵਿਚ ਹਨ।


Arun chopra

Content Editor

Related News